

ਮਾਨਸਾ, 23 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ)
ਮਾਨਸਾ ਅੰਬੇਡਕਰ ਭਵਨ ਵਿਖੇ ਸਥਿਤ ‘ਮਾਨਸਾ ਯੂਥ ਲਾਇਬ੍ਰੇਰੀ’ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਅਤੇ ਸਾਹਿਤ ਪੜ੍ਹਨ ਲਈ ਆਉਂਦੇ ਹਨ | ਇੱਥੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਡਾ. ਗੁਰਲੀਨ ਕੌਰ ਆਈ.ਏ.ਐਸ., ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਵਿਦਿਆਰਥੀਆਂ ਦੇ ਰੂ ਬ ਰੂ ਹੋਏ |
ਉਨ੍ਹਾਂ ਇਸ ਮੌਕੇ ਜਿੱਥੇ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਭਵਿੱਖ ਪ੍ਰਤੀ ਟੀਚੇ ਸੁਪਨਿਆਂ ਬਾਰੇ ਜਾਣਿਆ ਉੱਥੇ ਹੀ ਆਪਣੇ ਆਈ.ਏ.ਐਸ. ਬਣਨ ਤੱਕ ਦੇ ਸਫ਼ਰ ਅਤੇ ਤਜ਼ੁਰਬਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਕੋਈ ਵੀ ਮੁਕਾਮ ਹਾਸਲ ਕਰਨਾ ਨਾਮੁਮਕਿਨ ਨਹੀਂ ਹੈ, ਬਸ ਲੋੜ ਹੁੰਦੀ ਹੈ ਜਨੂੰਨ ਦੀ | ਕਿਸੇ ਵੀ ਮੰਜ਼ਿਲ ਦੀ ਪ੍ਰਾਪਤੀ ਲਈ ਦਿ੍ੜ ਇਰਾਦਾ ‘ਤੇ ਸਖ਼ਤ ਮਿਹਨਤ ਜ਼ਰੂਰੀ ਹੈ |
ਉਨ੍ਹਾਂ ਕਿਹਾ ਕਿ ਸਿੱਖਿਆ ਹੀ ਤਰੱਕੀ ਦੀ ਪਹਿਲੀ ਪੌੜੀ ਹੁੰਦੀ ਹੈ | ਪੜ੍ਹਿਆ ਲਿਖਿਆ ਇਨਸਾਨ ਜਿੱਥੇ ਸਮਾਜ ਵਿਚ ਆਪਣਾ ਵੱਖਰਾ ਮੁਕਾਮ ਬਣਾਉਂਦਾ ਹੈ ਉੱਥੇ ਹੀ ਸਮੇਂ ਦਾ ਹਾਣੀ ਹੋ ਕੇ ਆਪਣੇ ਪਰਿਵਾਰ ਨੂੰ ਕਾਮਯਾਬੀ ਦੀ ਰਾਹ ‘ਤੇ ਤੋਰ ਲੈਂਦਾ ਹੈ |
ਡਾ. ਗੁਰਲੀਨ ਕੌਰ, ਆਈ.ਏ.ਐਸ. ਨੇ ਕਿਹਾ ਕਿ ਮਾਨਸਾ ਯੂਥ ਲਾਇਬ੍ਰੇਰੀ ਵਿਚ ਆਉਣ ਵਾਲੇ ਵਿਦਿਆਰਥੀ ਆਪਣੀ ਰੁਚੀ ਅਨੁਸਾਰ ਕਿਤਾਬਾਂ ਦੀ ਚੋਣ ਕਰਨ ਅਤੇ ਚੰਗਾ ਗਿਆਨ ਹਾਸਲ ਕਰਨ | ਉਨ੍ਹਾਂ ਕਿਹਾ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਲੋੜੀਂਦੀਆਂ ਕਿਤਾਬਾਂ ਲਾਇਬ੍ਰੇਰੀ ਵਿਚ ਉਪਲੱਬਧ ਹਨ ਉਹ ਇਸ ਦਾ ਲਾਹਾ ਲੈ ਸਕਦੇ ਹਨ | ਉਨ੍ਹਾਂ ਸਾਰੇ ਹੀ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ |
ਇਸ ਦੌਰਾਨ ਵਿਦਿਆਰਥੀਆਂ ਵੱਲੋਂ ਆਪਣੀ ਪੜ੍ਹਾਈ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਸਲਾਹ ਮਸ਼ਵਰਾ ਵੀ ਕੀਤਾ ਗਿਆ ਅਤੇ ਡਾ. ਗੁਰਲੀਨ ਕੌਰ ਆਈ.ਏ.ਐਸ. ਨੇ ਬਾਖ਼ੂਬੀ ਹੀ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ |
ਇਸ ਮੌਕੇ ਲਾਇਬ੍ਰੇਰੀਅਨ ਗਗਨਦੀਪ ਕੌਰ, ਗੁਰਦੀਪ ਸਿੰਘ ਤੋਂ ਇਲਾਵਾ ਲਾਇਬ੍ਰੇਰੀ ਕਮੇਟੀ ਮੈਂਬਰ ਕਿਰਨਦੀਸ਼ ਕੌਰ, ਗਗਨ, ਸਿਮਰਨ, ਹਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |























