ਸੁਖਪਾਲ ਖਹਿਰਾ ਨੇ ਵੀ ਕਰਵਾਇਆ ਡੋਪ ਟੈਸਟ

0
4

ਜਲੰਧਰ (ਸਾਰਾ ਯਹਾ ): ਪੰਜਾਬ ਵਿੱਚ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣਾ ਡੋਪ ਟੈਸਟ ਕਰਵਾ ਲਿਆ ਹੈ। ਸੁਖਪਾਲ ਖਹਿਰਾ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਦੱਸਿਆ ਕਿ ਉਨ੍ਹਾਂ ਆਪਣੇ ਹਲਕੇ ਭੁਲੱਥ ਵਿੱਚ ਪਹੁੰਚ ਕੇ ਸਿਵਲ ਹਸਪਤਾਲ ਵਿੱਚ ਆਪਣਾ ਡੋਪ ਟੈਸਟ ਕਰਵਾ ਲਿਆ ਹੈ, ਜੋ ਨਕਾਰਾਤਮਕ ਆਇਆ ਹੈ।

ਵਿਰੋਧੀ ਧਿਰ ਦੇ ਲੀਡਰ ਨੇ ਡੋਪ ਟੈਸਟ ਤੇ ਨਸ਼ੇ ਦੇ ਕਾਰੋਬਾਰੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਲਈ ਕੇਂਦਰ ਨੂੰ ਲਿਖੀ ਚਿੱਠੀ ਨੂੰ ਲੋਕਾਂ ਦਾ ਧਿਆਨ ਭਟਕਾਉਣ ਦਾ ਵਸੀਲਾ ਕਰਾਰ ਦਿੱਤਾ। ਖਹਿਰਾ ਨੇ ਖ਼ਦਸ਼ਾ ਜਤਾਇਆ ਕਿ ਜੇਕਰ ਨਸ਼ਾ ਰੋਕੂ ਕਾਨੂੰਨ (ਐਨਡੀਪੀਐਸ ਐਕਟ) ਤਹਿਤ ਮੌਤ ਦੀ ਸਜ਼ਾ ਨੂੰ ਪ੍ਰਵਾਨਗੀ ਮਿਲ ਜਾਂਦੀ ਹੈ ਤਾਂ ਪੁਲਿਸ ਇਸ ਦੀ ਨਾਜਾਇਜ਼ ਵਰਤੋਂ ਵੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਤਹਿਤ ਜੇਕਰ ਨਿਰਦੋਸ਼ ਬੰਦਾ ਫਸਾਇਆ ਜਾਂਦਾ ਹੈ ਤਾਂ ਉਸ ਦੀ ਜ਼ਮਾਨਤ ਹੋਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ।

ਸੁਖਪਾਲ ਖਹਿਰਾ ਨੇ ਆਪਣਾ ਨਸ਼ਾ ਜਾਂਚ ਟੈਸਟ ਪਾਸ ਕਰਦਿਆਂ ਹੀ ਫੇਸਬੁੱਕ ‘ਤੇ ਲਾਈਵ ਹੋ ਕੇ ਕੈਪਟਨ ਸਰਕਾਰ ਦੇ ਨਾਲ-ਨਾਲ ਪਿਛਲੀ ਅਕਾਲੀ ਸਰਕਾਰ ‘ਤੇ ਵੀ ਖ਼ੂਬ ਸ਼ਬਦੀ ਹਮਲੇ ਬੋਲੇ। ਖਹਿਰਾ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਸਮੇਂ ਨਸ਼ਿਆਂ ਦੇ ਮਾਮਲਿਆਂ ਉਜਾਗਰ ਹੋਏ ਪੁਲਿਸ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤਾਂ ਹੀ ਨਸ਼ਿਆਂ ਦੀ ਸਮੱਸਿਆ ਨੇ ਇਹ ਖ਼ਤਰਨਾਕ ਰੂਪ ਧਾਰ ਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਵੀ ਨਸ਼ੇ ਵਿੱਚ ਗ਼ਲਤਾਨ ਹੋਈ ਲੜਕੀ ਦੇ ਖੁਲਾਸੇ ਤੋਂ ਬਾਅਦ ਡੀਐਸਪੀ ਦਲਜੀਤ ਸਿੰਘ ਢਿੱਲੋਂ ਨੂੰ ਮਜਬੂਰਨ ਬਰਖ਼ਾਸਤ ਕਰਨਾ ਪਿਆ ਹੈ।

ਖਹਿਰਾ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਰੁਜ਼ਗਾਰ ਚਾਹੁੰਦਾ ਹੈ, ਜੇਕਰ ਉਸ ਨੂੰ ਨੌਕਰੀ ਮਿਲ ਜਾਵੇ ਤਾਂ ਉਹ ਨਸ਼ਿਆਂ ਤੋਂ ਆਪੇ ਹੀ ਹਟ ਜਾਵੇਗਾ। ਉਨ੍ਹਾਂ ਡੋਪ ਟੈਸਟ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਇਹ ਜਾਂਚ ਬਹੁਤੀ ਪਾਏਦਾਰ ਨਹੀਂ ਹੈ।

LEAVE A REPLY

Please enter your comment!
Please enter your name here