

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਸਰਕਾਰੀ ਅਹੁਦੇ ਨਹੀਂ ਸੰਭਾਲਣਗੇ। ਨਵਜੋਤ ਕੌਰ ਨੂੰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਪਰਸਨ ਤੇ ਉਨ੍ਹਾਂ ਦੇ ਪੁੱਤਰ ਕਰਨ ਸਿੱਧੂ ਨੂੰ ਐਡਵੋਕੇਟ ਜਨਰਲ ਥਾਪਿਆ ਗਿਆ ਸੀ। ਇਸ ਕਰਕੇ ਜਿੱਥੇ ਮੀਡੀਆ ਵਿੱਚ ਸਿੱਧੂ ਪਰਿਵਾਰ ‘ਤੇ ਸਵਾਲ ਉੱਠੇ ਸੀ, ਉੱਥੇ ਵਿਰੋਧੀਆਂ ਨੇ ਸਿੱਧੂ ਪਰਿਵਾਰ ਨੂੰ ਘੇਰਿਆ ਸੀ।
ਇਹ ਐਲਾਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ, “ਮੈਂ ਮੁੱਖ ਮੰਤਰੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਪਰਿਵਾਰ ਨੂੰ ਮਾਣ ਬਖ਼ਸ਼ਿਆ, ਪਰ ਮੇਰੀ ਪਤਨੀ ਤੇ ਪੁੱਤਰ ਨੇ ਆਪੋ-ਆਪਣੇ ਅਹੁਦੇ ਨਾ ਸੰਭਾਲਣ ਦਾ ਫੈਸਲਾ ਕੀਤਾ ਹੈ।” ਉਨ੍ਹਾਂ ਕਿਹਾ, “ਮੇਰੀ ਪਤਨੀ ਇਸ ਅਹੁਦੇ ਤੋਂ ਅਸੰਤੁਸ਼ਟ ਸੀ ਤੇ ਮੇਰਾ ਬੇਟਾ ਵੀ। ਸਿਆਸਤ ਵਿੱਚ ਸਭ ਤੋਂ ਵੱਡੀ ਚੀਜ਼ ਸਾਖ ਹੁੰਦੀ ਹੈ ਤੇ ਮੈਂ ਸਾਖ ਨੂੰ ਹੀ ਸਭ ਕੁਝ ਸਮਝਦਾ ਹਾਂ।”
ਇਸ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਵਿਰੋਧੀਆਂ ਨੂੰ ਠੋਕਵਾਂ ਜਵਾਬ ਦਿੱਤਾ। ਉਨ੍ਹਾਂ ਆਪਣੀ ਫੇਸਬੁਕ ਪ੍ਰੋਫਾਈਲ ’ਤੇ ਪੋਸਟ ਕਰਕੇ ਲਿਖਿਆ ਕਿ ਉਹ ਸੀਨੀਅਰ ਗਾਇਨਾਕੋਲੋਜਿਸਟ (ਇਸਤਰੀ ਰੋਗਾਂ ਦੀ ਮਾਹਿਰ) ਹੈ ਤੇ ਪੰਜਾਬ ਦੇ ਲੋਕਾਂ ਲਈ ਉਨ੍ਹਾਂ ਆਪਣੀ ਸਰਕਾਰੀ ਨੌਕਰੀ ਦਾ ਤਿਆਗ ਕਰ ਦਿੱਤਾ।
ਆਪਣੇ ਪੁੱਤਰ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਕਰਨ ਨੇ ਦਿੱਲੀ ਯੂਨੀਵਰਸਿਟੀ ਤੋਂ ਜਨਰਲ ਵਰਗ ਵਿੱਚ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਤੇ ਨਿਊਯਾਰਕ ਦੇ ਕਾਰਡੋਜ਼ੋ ਲਾਅ ਕਾਲਜ ਤੋਂ ਓਪਨ ਮੈਰਿਟ ਵਿੱਚ ਐਲਐਲਐਮ ਪਾਸ ਕੀਤੀ। ਇਸ ਤੋਂ ਇਲਾਵਾ ਉਸ ਨੂੰ ਦਿੱਲੀ ਹਾਈ ਕੋਰਟ ਵਿੱਚੋਂ 6 ਸਾਲ ਦਾ ਤਜਰਬਾ ਵੀ ਹਾਸਲ ਹੈ।
ਉਨ੍ਹਾਂ ਕਿਹਾ ਕਿ ਉਹ ਬੇਰੁਜ਼ਗਾਰ, ਸਿਫ਼ਾਰਸ਼ੀ, ਘੱਟ ਪੜ੍ਹੇ ਵਿਖੇ ਜਾਂ ਗ਼ੈਰ ਹੱਕਦਾਰ ਲੋਕ ਨਹੀਂ ਸਨ ਤੇ ਉਨ੍ਹਾਂ ਦੀ ਤੁਲਨਾ ਤਾਕਤ ਦੇ ਆਸਰੇ ਨੌਕਰੀਆਂ ਲੈਣ ਵਾਲਿਆਂ ਨਾਲ ਨਾ ਕੀਤੀ ਜਾਵੇ। ਜੋਸ਼ੀ, ਮਜੀਠੀਆ ਤੇ ਹੋਰਾਂ ਨੂੰ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਉਕਤ ਲੀਡਰਾਂ ’ਤੇ ਭ੍ਰਿਸ਼ਟਾਚਾਰ ਆਸਰੇ ਧਨ-ਦੌਲਤ ਇਕੱਠੇ ਕਰਨ ਦੇ ਵੀ ਇਲਜ਼ਾਮ ਲਾਏ।
EDITED BY : SARA YAHA | | Last Updated : 26 May 2018























