

ਮਾਨਸਾ 24 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) ਪੰਜਾਬ ਭਰ ਚੋਂ 10ਵੀਂ- 12ਵੀਂ ਨਤੀਜਿਆਂ ਦੌਰਾਨ ਮਾਨਸਾ ਜਿਲ੍ਹੇ ਨੂੰ
ਪਹਿਲੀਆਂ, ਦੂਜੀਆਂ ਪੁਜੀਸ਼ਨਾਂ ਦੇ ਹੱਕਦਾਰ ਬਣਾਉਣ ਵਾਲੇ ਅਧਿਆਪਕਾਂ ਦੇ ਮਾਣ-ਸਨਮਾਨ ਲਈ ਸਿੱਖਿਆ ਸਕੱਤਰ
ਕ੍ਰਿਸ਼ਨ ਕੁਮਾਰ ਅੱਜ ਖੁਦ ਮਾਨਸਾ ਚੱਲ ਕੇ ਆਏ। ਇੱਥੇ ਆਸ਼ਾ ਬੈਕਿਟ ਹਾਲ ਵਿਖੇ ਹੋਏ ਸਨਮਾਨ ਸਮਾਰੋਹ ਦੌਰਾਨ 1100
ਦੇ ਕਰੀਬ ਉਹਨਾਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਦੇ ਆਪਣੇ ਵਿਸ਼ਿਆਂ ਦੇ ਨਤੀਜੇ 100 ਫੀਸਦੀ ਰਹੇ।
ਇਸ ਮੌਕੇ 45 ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਅਤੇ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਕਿਸੇ ਸਮੇਂ ਸਿੱਖਿਆ ਸਕੱਤਰ ਤੋਂ ਭੈਅ ਮੰਨਣ ਵਾਲੇ ਅਧਿਆਪਕ ਹੁਣ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਨਜਰ ਆਏ
ਅਤੇ ਸੈਲਫੀਆਂ ਖਿਚਾਉਣ ਚ ਵੀ ਰਹੇ ਮਗਨ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਅਧਿਆਪਕਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਮਾਨਸਾ ਦੇ
ਅਧਿਆਪਕਾਂ ਨੂੰ ਜਿੱਥੇ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਦੀ ਮਿਹਨਤ ਨਾਲ ਉਹਨਾਂ ਦਾ ਜਿਲ੍ਹਾ ਮੋਹਰੀ ਨੰਬਰ ਲੈਂਦਾ ਰਿਹਾ
ਹੈ ਉੱਥੇ ਹੁਣ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਨੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਦਿੱਤਾ ਹੈ। ਅਧਿਆਪਕ
ਜਿੱਥੇ ਵਿਦਿਆਰਥੀਆਂ ਨੂੰ ਮਿਹਨਤ, ਲਗਨ ਨਾਲ ਪੜ੍ਹਾ ਰਿਹਾ ਹੈ ਉੱਥੇ ਨਾਲ ਨਾਲ ਸਕੂਲਾਂ ਨੂੰ ਖੁਦ ਚਮਕਾ ਵੀ ਰਹੇ ਹਨ
ਜਿਸ ਕਾਰਨ ਮਾਪਿਆਂ ਦਾ ਸਰਕਾਰੀ ਸਕੂਲਾਂ ਪ੍ਰਤੀ ਵਿਸ਼ਵਾਸ ਵਧਿਆ ਹੈ ਅਤੇ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚੋਂ ਹੱਟ
ਕੇ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਹਾਸਲ ਕਰਕੇ ਮਾਣ ਮਹਿਸੂਸ ਕਰਨ ਲੱਗੇ ਹਨ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ
ਵੱਲੋਂ ਅਧਿਆਪਕਾਂ ਦੇ ਸਾਰੇ ਹੱਕੀ ਮਸਲੇ ਹੱਲ ਕਰਨ ਦੇ ਨਾਲ-ਨਾਲ ਉਹਨਾਂ ਨੂੰ ਬਣਦੀਆਂ ਤਰੱਕੀਆਂ ਦੇ ਕੇ ਉਹਨਾਂ ਦੇ
ਚਾਵਾਂ ਨੂੰ ਬਰਕਰਾਰ ਰੱਖਿਆ ਜਾਵੇਗਾ।

ਡੀ.ਪੀ.ਆਈ. (ਐਲੀ.ਸਿੱ.) ਇੰਦਰਜੀਤ ਸਿੰਘ ਨੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ
ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਅਧਿਆਪਕਾਂ ਦਾ ਹਮੇਸ਼ਾ ਹੀ ਮੋਹਰੀ ਰੋਲ ਰਿਹਾ ਹੈ ਜਿਸ ਕਰਕੇ ਸਾਡੀ ਸਮਾਜ
ਪ੍ਰਤੀ ਜੁੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ। ਡਿਪਟੀ ਡਾਇਰੈਕਟਰ ਜਰਨੈਲ ਸਿੰਘ ਕਾਲੇਕੇ ਅਤੇ ਪੜ੍ਹੋ ਪੰਜਾਬ, ਪੜਾਓ ਪੰਜਾਬ
ਦੇ ਸਟੇਟ ਡਾਇਰੈਕਟਰ ਦਵਿੰਦਰ ਸਿੰਘ ਬੋਹਾ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਕੁਆਲਟੀ ਐਜੂਕੇਸ਼ਨ ਦੇ ਚਲਾਏ ਗਏ ਪ੍ਰੋਜੈਕਟਾਂ
ਕਾਰਨ ਪੰਜਾਬ ਚ ਪੜ੍ਹਾਈ ਦੇ ਮਿਆਰ ਦਾ ਗਰਾਫ ਇੱਕਦਮ ਉੱਤੇ ਗਿਆ ਹੈ ਜਿਸ ਕਾਰਨ ਹੁਣ ਪੰਜਾਬ ਦੇ ਨਤੀਜੇ 100
ਫੀਸਦੀ ਆਉਣ ਲੱਗੇ ਹਨ। ਉਹਨਾਂ ਦੱਸਿਆ ਕਿ ਵੱਖ ਵੱਖ ਸਰਵੇਖਣ ਰਿਪੋਰਟਾਂ ਤੋਂ ਬਾਅਦ ਦੂਜੇ ਰਾਜ ਵੀ ਪੰਜਾਬ ਦੇ
ਸਿੱਖਿਆ ਵਿਭਾਗ ਦੀ ਪੈੜ ਵਿੱਚ ਪੈੜ ਧਰਨ ਲੱਗੇ ਹਨ।
ਇਸ ਮੌਕੇ ਏ.ਐਸ.ਪੀ.ਡੀ. ਅਮਰਜੀਤ ਸਿੰਘ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਰਾਜਵੰਤ ਕੌਰ, ਡਿਪਟੀ
ਡੀ.ਈ.ਓ. ਜਗਰੂਪ ਸਿੰਘ ਭਾਰਤੀ, ਡਿਪਟੀ ਡੀ.ਈ.ਓ. (ਐਲੀ.ਸਿ.) ਗੁਰਲਾਭ ਸਿੰਘ ਨੇ ਸਿੱਖਿਆ ਸਕੱਤਰ ਨੂੰ ਭਰੋਸਾ

ਦਿੱਤਾ ਕਿ ਮਾਨਸਾ ਜਿਲ੍ਹਾ ਜੋ ਪੰਜਾਬ ਭਰ ਚੋਂ ਪਿਛਲੇ ਸਮੇਂ ਤੋਂ ਵਿੱਦਿਆ ਖੇਤਰ ਵਿੱਚ ਮੋਹਰੀ ਪੁਜੀਸ਼ਨਾਂ ਪ੍ਰਾਪਤ ਕਰ ਰਿਹਾ
ਹੈ ਉਸ ਨੂੰ ਬਰਕਰਾਰ ਰੱਖਣ ਲਈ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ।























