

ਸਰਦੂਲਗੜ੍ਹ/ਮਾਨਸਾ, 16 ਅਪ੍ਰੈਲ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕਰਾਂਤੀ ਤਹਿਤ ਕੀਤੇ ਜਾ ਰਹੇ ਨਿਵੇਕਲੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਵਿਚ ਲੋਕਾਂ ਦਾ ਵਿਸ਼ਵਾਸ ਅਤੇ ਦਾਖਲਿਆਂ ਦੀ ਗਿਣਤੀ ਵਧ ਰਹੀ ਹੈ। ਇਸ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਹਰ ਤਰ੍ਹਾਂ ਦੀ ਲੋੜ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਸ੍ਰ. ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਘੁਰਕਣੀ, ਫ਼ਤਿਹਪੁਰ ਅਤੇ ਮੋਫ਼ਰ ਦੇ ਸਰਕਾਰੀ ਸਕੂਲਾਂ ਵਿਚ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ ‘ਪੰਜਾਬ ਸਿੱਖਿਆ ਕਰਾਂਤੀ’ ਤਹਿਤ ਹਰ ਸਕੂਲ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਜਿਸ ਵੀ ਸਕੂਲ ਵਿਚ ਕਿਸੇ ਕਿਸਮ ਦੀ ਕੋਈ ਕਮੀ ਪੇਸ਼ੀ ਜਾਂ ਕੋਈ ਜ਼ਰੂਰਤ ਮਹਿਸੂਸ ਹੁੰਦੀ ਹੈ, ਅਧਿਆਪਕਾਂ, ਵਿਦਿਆਰਥੀਆਂ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਸਕੂਲਾਂ ਦੀ ਹਰ ਲੋੜ ਨੂੰ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਕੋਈ ਬੱਚਾ ਸਰਕਾਰੀ ਸਕੂਲਾਂ ਵਿਚ ਦਾਖਲਾ ਲਵੇ।
ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲ ਕਿਸੇ ਵੀ ਪੱਖੋਂ ਪਿੱਛੇ ਨਹੀਂ ਹਨ। ਸਰਕਾਰੀ ਸਕੂਲਾਂ ਵਿਚ ਬਹੁਤ ਹੀ ਕਾਬਲ ਅਧਿਆਪਕ ਪੜ੍ਹਾ ਰਹੇ ਹਨ। ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਪ੍ਰੀਖਿਆਵਾਂ ਦੇ ਨਤੀਜਿਆਂ ਵਿਚ ਜ਼ਿਲ੍ਹਾ ਮਾਨਸਾ ਪੂਰੇ ਪੰਜਾਬ ’ਚੋਂ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਜੋ ਵੀ ਕੋਈ ਹੋਰ ਜ਼ਰੂਰਤ ਹੋਈ ਉਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਲਈ ਅਸੀਂ ਵਚਨਬੱਧ ਹਾਂ। ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿਚ ਮੋਹਰੀ ਸੂਬਾ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।
ਵਿਧਾਇਕ ਨੇ ਪਿੰਡ ਘੁਰਕਣੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 02 ਲੱਖ 40 ਹਜ਼ਾਰ ਰੁਪਏ ਦੀ ਲਾਗਤ ਵਾਲੀ ਚਾਰਦੀਵਾਰੀ, ਸਰਕਾਰੀ ਮਿਡਲ ਸਕੂਲ ਘੁਰਕਣੀ ਵਿਖੇ 03 ਲੱਖ ਰੁਪਏ ਦੀ ਲਾਗਤ ਨਾਲ ਕਲਾਸ ਰੂਮ ਦੇ ਫਲੋਰ ਟਾਇਲ ਅਤੇ ਰਿਪੇਅਰ ਤੋਂ ਇਲਾਵਾ 03 ਲੱਖ 20 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੀ ਚਾਰਦੀਵਾਰੀ ਦਾ ਉਦਘਾਟਨ ਕੀਤਾ।
ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਫ਼ਤਿਹਪੁਰ ਵਿਖੇ 09 ਲੱਖ 65 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਲਾਇਬ੍ਰੇਰੀ, 07 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਆਧੁਨਿਕ ਕਲਾ ਤੇ ਸ਼ਿਲਪਕਾਰੀ ਕਮਰਾ ਅਤੇ 07 ਲੱਖ 50 ਹਜ਼ਾਰ ਦੀ ਲਾਗਤ ਨਾਲ ਤਿਆਰ ਆਧੁਨਿਕ ਕਲਾਸਰੂਮ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਹੀ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਪੁਰ ਲਈ ਵੀ 09 ਲੱਖ 55 ਹਜ਼ਾਰ ਰੁਪਏ ਦੀ ਗਰਾਂਟ ਜਾਰੀ ਹੋਈ ਹੈ ਜਿਸ ਦੀ ਪਹਿਲੀ ਕਿਸ਼ਤ 04 ਲੱਖ ਰੁਪਏ ਆ ਚੁੱਕੀ ਹੈ।
ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ, ਮੋਫ਼ਰ ਵਿਖੇ 05 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰਦੀਵਾਰੀ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ’ਤੇ ਉਦਘਾਟਨ ਕੀਤਾ। ਵਿਧਾਇਕ ਨੇ ਦੱਸਿਆ ਕਿ ਸਕੂਲ ਦੇ ਬਾਥਰੂਮਾਂ ਲਈ 01 ਲੱਖ 40 ਹਜ਼ਾਰ ਅਤੇ ਕਮਰੇ ਲਈ 07 ਲੱਖ 51 ਹਜ਼ਾਰ ਰੁਪਏ ਦੀ ਗਰਾਂਟ ਵੀ ਆਈ ਹੈ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਦਨ ਲਾਲ ਕਟਾਰੀਆ, ਸਰਪੰਚ ਘੁਰਕਣੀ ਨਿਰਮਲ ਸਿੰਘ, ਸਰਪੰਚ ਪਿੰਡ ਫਤਿਹਪੁਰ ਮੰਦਰ ਸਿੰਘ, ਸਰਪੰਚ ਪਿੰਡ ਮੋਫ਼ਰ ਗੁਰਬਖ਼ਸ਼ ਸਿੰਘ, ਇੰਚਾਰਜ ਸਰਕਾਰੀ ਮਿਡਲ ਸਕੂਲ ਘੁਰਕਣੀ ਰਜਿੰਦਰ ਕੌਰ, ਚੇਅਰਮੈਨ ਐਸ.ਐਮ.ਸੀ. ਘੁਰਕਣੀ ਸਿਮਰਨਜੀ ਕੌਰ, ਸਕੂਲ ਮੁਖੀ ਪਿੰਡ ਫਤਿਹਪੁਰ ਗਗਨਦੀਪ ਕੌਰ, ਕੰਵਲਜੀਤ ਕੌਰ ਬੀ.ਐਨ.ਓ. ਚੇਅਰਮੈਨ ਐਸ.ਐਮ.ਸੀ. ਫਤਿਹਪੁਰ ਅਮਨਦੀਪ ਸਿੰਘ, ਚੇਅਰਮੈਨ ਐਸ.ਐਮ.ਸੀ. ਮੋਫ਼ਰ ਕਾਲਾ ਸਿੰਘ, ਹੈੱਡ ਟੀਚਰ ਰੁਪਿੰਦਰਪਾਲ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ, ਵਿਦਿਆਰਥੀ, ਪੰਚਾਇਤ ਮੈਂਬਰ ਅਤੇ ਪਿੰਡ ਦੇ ਹੋਰ ਪਤਵੰਤੇ ਹਾਜ਼ਰ ਸਨ।























