

ਮਾਨਸਾ 12 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ): ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਡਾ.ਹਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮਾਨਸਾ ‘ਚ ਟੀਕਾਕਰਨ ਸਪਤਾਹ ਦੌਰਾਨ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ l
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਨੇ ਦੱਸਿਆ ਕਿ 14 ਫਰਵਰੀ 2026 ਤੱਕ ਸਪੈਸ਼ਲ ਟੀਕਾਕਰਨ ਮੁਹਿੰਮ ਤਹਿਤ ਉਨ੍ਹਾਂ ਬੱਚਿਆਂ ਨੂੰ ਟੀਕੇ ਲਗਾਏ ਜਾ ਰਹੇ ਹਨ, ਜੋ ਬੱਚੇ ਰੁਟੀਨ ਟੀਕਾਕਰਨ ਦੌਰਾਨ ਕਿਸੇ ਕਾਰਨ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ l
ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਨਵ ਜੰਮੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਵਾਉਣਾ ਬਹੁਤ ਜਰੂਰੀ ਹੈ ਤਾਂ ਕਿ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ l ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ l
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ ਨੇ ਕਿਹਾ ਕਿ ਜਣੇਪਾ ਸੰਸਥਾਗਤ ਕਰਵਾਇਆ ਜਾਵੇ ਤਾਂ ਜੋ ਨਵਜਨਮੇ ਬੱਚੇ ਨੂੰ ਹੈਪਾਟਾਈਟਸ 0 ਅਤੇ ਪੋਲੀਓ 0 ਦੀ ਖੁਰਾਕ ਸਮੇਂ ਸਿਰ ਦਿੱਤੀ ਜਾ ਸਕੇ, ਜਿਸ ਨਾਲ ਬੱਚੇ ਵਿੱਚ ਹੈਪੈਟਾਈਟਸ ਬੀ ਅਤੇ ਪੋਲੀਓ ਦੀ ਬਿਮਾਰੀ ਤੋਂ ਬਚਾਅ ਲਈ ਰੋਗ ਨਿਵਾਰਨ ਸ਼ਕਤੀ ਪੈਦਾ ਹੁੰਦੀ ਹੈ l
ਉਨ੍ਹਾਂ ਅਪੀਲ ਕੀਤੀ ਕਿ ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਪਹਿਲੀ ਤਿਮਾਹੀ ਦੌਰਾਨ ਸਬੰਧਤ ਏ ਐਨ ਐਮ ਕੋਲ ਕਰਵਾਈ ਜਾਵੇ ਜਿਸ ਨਾਲ ਗਰਭਵਤੀ ਔਰਤ ਦੇ ਸਾਰੇ ਖੂਨ ਦੇ ਟੈਸਟ ਅਤੇ ਡਾਕਟਰੀ ਜਾਂਚ ਸਮੇਂ ਸਿਰ ਕੀਤੀ ਜਾ ਸਕੇ।























