

ਮਾਨਸਾ, 24 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ): ਡਿਪਟੀ ਕਮਿਸ਼ਨਰ, ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐੱਸ. ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਿਵਲ ਸਰਜਨ ਡਾ.ਹਰਿੰਦਰ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਟੀ.ਬੀ.ਦਿਵਸ ਮਨਾਇਆ ਗਿਆ।
ਇਸ ਮੌਕੇ ਡਾ.ਹਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਅੱਜ ਰਾਸ਼ਟਰੀ ਪੱਧਰ ‘ਤੇ 100 ਦਿਨਾਂ ਦੀ ਤੀਬਰ ਟੀ.ਬੀ. ਖਾਤਮਾ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ. ਇੱਕ ਲਾਗ ਦੀ ਬਿਮਾਰੀ ਹੈ ਜੋ ਮਨੁੱਖੀ ਸਰੀਰ ‘ਤੇ ਹਮਲਾ ਕਰਨ ਵਾਲੇ ਮਾਈਕੋਬੈਕਟੀਰੀਅਮ ਟਿਊਬਰਕਿਊਲੋਸਿਸ ਕਾਰਨ ਹੁੰਦੀ ਹੈ। ਇਹ ਇਕ ਰੋਗੀ ਤੋਂ ਸਿਹਤਮੰਦ ਇਨਸਾਨ ਤੱਕ ਫੈਲਦੀ ਹੈ।
ਉਨ੍ਹਾਂ ਕਿਹਾ ਕਿ 90 ਫ਼ੀਸਦੀ ਤੋਂ ਵੱਧ ਤਪਦਿਕ ਦੀ ਲਾਗ ਸਾਹ ਦੀ ਨਾਲੀ ਰਾਹੀਂ ਫੈਲਦੀ ਹੈ, ਤਪਦਿਕ ਮਰੀਜਾਂ ਦੇ ਖੰਘਣ, ਛਿੱਕਣ, ਉੱਚੀ ਆਵਾਜ਼ ਕਰਨ ਨਾਲ ਇਸ ਦਾ ਸੰਕਰਮਣ ਹੁੰਦਾ ਹੈ, ਜਿਸ ਕਾਰਨ ਤਪਦਿਕ (ਡਾਕਟਰੀ ਤੌਰ ‘ਤੇ ਮਾਈਕ੍ਰੋਡ੍ਰੋਪਲੇਟਸ) ਵਾਲੀਆਂ ਬੂੰਦਾਂ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੀਆਂ ਹਨ ਅਤੇ ਸਿਹਤਮੰਦ ਲੋਕਾਂ ਵਿੱਚ ਸਾਹ ਰਾਹੀਂ ਅੰਦਰ ਚਲੀਆਂ ਜਾਂਦੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਟੀ.ਬੀ.ਦੀ ਜਾਂਚ ਅਤੇ ਇਲਾਜ਼ ਮੁਫ਼ਤ ਕੀਤਾ ਜਾ ਰਿਹਾ ਹੈ। ਟੀ.ਬੀ. ਇੱਕ ਇਲਾਜਯੋਗ ਬਿਮਾਰੀ ਹੈ। ਸਮੇਂ ਸਿਰ ਜਾਂਚ ਅਤੇ ਨਿਯਮਤ ਦਵਾਈ ਨਾਲ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦਾ ਹੈ, ਉਨ੍ਹਾਂ ਕਿਹਾ ਕਿ ਜਨ ਭਾਗੀਦਾਰੀ ਨਾਲ ਦੇਸ਼ ਵਿੱਚੋਂ ਟੀ.ਬੀ.ਦਾ ਖ਼ਾਤਮਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਟੀ.ਬੀ.ਅਫ਼ਸਰ ਡਾ. ਨਿਸ਼ੀ ਸੂਦ ਨੇ ਟੀ.ਬੀ.ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਪੰਦਰਾਂ ਦਿਨ ਤੋਂ ਵੱਧ ਖਾਂਸੀ, ਭਾਰ ਦਾ ਘਟਣਾ, ਭੁੱਖ ਨਾ ਲੱਗਣੀ,ਰਾਤ ਨੂੰ ਤਰੇਲੀਆਂ ਆਉਣੀਆਂ, ਹਲਕਾ ਬੁਖਾਰ ਰਹਿਣਾ ਆਦਿ ਹੋ ਸਕਦੇ ਹਨ। ਕਿਸੇ ਵੀ ਵਿਅਕਤੀ ਵਿੱਚ ਅਜਿਹੇ ਲੱਛਣ ਮਿਲਦੇ ਹਨ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਰਕਰੀ ਹਸਪਤਾਲ ਵਿੱਚ ਪਹੁੰਚ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਮੇਲ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਤਿਰਲੋਕ ਸਿੰਘ, ਐੱਸ.ਡੀ.ਪੀ.ਐਸ. ਹਰਸਿਮਰਨਜੀਤ ਸਿੰਘ, ਐੱਸ.ਟੀ.ਐਸ. ਸੁਰਿੰਦਰ ਕੁਮਾਰ, ਡਾਟਾ ਐਂਟਰੀ ਓਪਰੇਟਰ ਸਵਿਤਾ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਸਨ l























