

ਮਾਨਸਾ 30 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ): ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਕੁਸ਼ਟ ਦਿਵਸ ਮਨਾਇਆ ਗਿਆ l
ਇਸ ਮੌਕੇ ਬੋਲਦਿਆਂ ਡਾ਼ ਨਿਸ਼ਾਂਤ ਨੇ ਕਿਹਾ ਕਿ ਕੁਸ਼ਟ ਰੋਗ ਮਾਈਕੋਬੈਕਟੇਰੀਅਨ ਲੈਪਰੇ ਨਾਮ ਦੇ ਬੈਕਟੀਰੀਆ ਕਾਰਨ ਹੁੰਦਾ ਹੈ ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਚਮੜੀ ਤੇ ਤਾਂਬੇ ਰੰਗੇ ਸੁੰਨ ਧੱਬੇ ਜਿਨ੍ਹਾਂ ਤੇ ਠੰਡਾ ਅਤੇ ਗਰਮ ਨਾ ਲੱਗਦਾ ਹੋਵੇ ਆਦਿ ਨਿਸ਼ਾਨੀਆਂ ਹੋਣ ‘ਤੇ ਨੇੜਲੇ ਸਿਹਤ ਕੇਂਦਰ ਵਿੱਚ ਸੰਪਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਦਾ ਇਲਾਜ਼ ਸਰਕਾਰੀ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ l ਕੁਸ਼ਟ ਰੋਗੀਆਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਸਹੀ ਅਤੇ ਜਲਦੀ ਤੋਂ ਜਲਦੀ ਇਲਾਜ਼ ਕਰਾਉਣ ਲਈ ਪ੍ਰੇਰਿਤ ਕੀਤਾ ਜਾਵੇ, ਕੁਸ਼ਟ ਰੋਗ ਇਲਾਜਯੋਗ ਹੈ l ਜਿੰਨਾ ਜਲਦੀ ਹੋ ਸਕੇ ਮਰੀਜ਼ ਦੀ ਸ਼ਨਾਖ਼ਤ ਕਰਕੇ ਇਲਾਜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ, ਸਮੇਂ ਸਿਰ ਸਹੀ ਇਲਾਜ਼ ਕਰਨ ਨਾਲ ਮਰੀਜ਼ ਅਪੰਗਤਾ ਤੋਂ ਬਚ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੁਸ਼ਟ ਰੋਗ ਦੇ ਲੱਛਣਾਂ ਵਾਲਾ ਕੋਈ ਵੀ ਵਿਅਕਤੀ ਆਪਣੇ ਆਲੇ ਦੁਆਲੇ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਣ ਲਈ ਪ੍ਰੇਰਿਤ ਕਰੀਏ ਨਾਲ ਹੀ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੁਸ਼ਟ ਰੋਗੀਆਂ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਸਗੋਂ ਉਨ੍ਹਾਂ ਦੀ ਮਦਦ ਕਰਨੀ ਸਾਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਫ਼ਸਰ ਨੇ ਕਿਹਾ ਲੈਪਰੌਸੀ ਇਰੈਡੀਕੇਸ਼ਨ ਪ੍ਰੋਗਰਾਮ ਦੇ ਤਹਿਤ ਸਮੇਂ ਸਮੇਂ ‘ਤੇ ਲੈਪਰੋਸੀ ਹੋਮ ਵਿੱਚ ਰਹਿ ਰਹੇ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ। ਇਸ ਵੇਲੇ ਲੈਪਰੋਸੀ ਹੋਮ ਵਿੱਚ ਜਿੰਨੇ ਵੀ ਮਰੀਜ਼ ਜਾਂ ਉਨਾਂ ਦੇ ਪਰਿਵਾਰਿਕ ਮੈਂਬਰ ਰਹਿ ਰਹੇ ਹਨ ਉਹਨਾਂ ਦੀ ਸਿਹਤ ਪ੍ਰਤੀ ਸਮੇਂ ਸਮੇਂ ‘ਤੇ ਚੈਕ ਅਪ ਕਰਕੇ ਲੋੜੀਂਦੀ ਦਵਾਈ ਅਤੇ ਜ਼ਰੂਰਤ ਅਨੁਸਾਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ।
ਇਸ ਮੌਕੇ ਡਾ. ਅਮਿਤ ਸ਼ਰਮਾ ਐਮ.ਡੀ. ਮੈਡੀਸ਼ਨ,ਡਾ਼ ਨਿਸ਼ੀ ਸੂਦ ਜ਼ਿਲ੍ਹਾ ਟੀ.ਬੀ.ਅਫ਼ਸਰ, ਡਾ ਛਵੀ ਬਜਾਜ ਮਾਨਸਿਕ ਰੋਗਾਂ ਦੇ ਮਾਹਰ, ਬਲਜੀਤ ਸਿੰਘ ਅਤੇ ਗੁਰਿੰਦਰ ਸ਼ਰਮਾ ਸਿਹਤ ਕਰਮਚਾਰੀ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਕਰਮਚਾਰੀ ਵੀ ਮੌਜੂਦ ਸਨ।























