

(ਸਾਰਾ ਯਹਾਂ/ਬਿਊਰੋ ਨਿਊਜ਼): ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਦੇਹਾਂਤ ਹੋ ਚੁੱਕਾ ਹੈ। ਹਾਲਾਂਕਿ ਇਹ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਹਨ। ਇਹ ਜਾਣਕਾਰੀ ਸਾਬਕਾ ਰਾਜਪਾਲ ਦੇ ਨਿੱਜੀ ਸਕੱਤਰ ਕੰਵਰ ਸਿੰਘ ਰਾਣਾ ਵੱਲੋਂ ਦਿੱਤੀ ਗਈ ਹੈ।
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਾਬਕਾ ਰਾਜਪਾਲ ਦੇ ਅਧਿਕਾਰਿਕ ਅਕਾਊਂਟ ਤੋਂ ਲਿਖਿਆ ਗਿਆ – “ਸਨਮਾਨਯੋਗ ਸਾਬਕਾ ਗਵਰਨਰ ਚੌਧਰੀ ਸੱਤਿਆਪਾਲ ਸਿੰਘ ਮਲਿਕ ਜੀ ਹਜੇ ਵੀ ICU ‘ਚ ਭਰਤੀ ਹਨ ਅਤੇ ਸੀਨੀਅਰ ਡਾਕਟਰਾਂ ਦੀ ਦੇਖ-ਰੇਖ ਹੇਠ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਫਵਾਹਾਂ ਤੋਂ ਬਚੋ ਅਤੇ ਕੋਈ ਵੀ ਗਲਤ ਖ਼ਬਰ ਨਾ ਫੈਲਾਓ। – ਕੰਵਰ ਸਿੰਘ ਰਾਣਾ, ਨਿੱਜੀ ਸਕੱਤਰ, ਸਾਬਕਾ ਰਾਜਪਾਲ ਸਤਿਆਪਾਲ ਮਲਿਕ”।

ਦੱਸਣਯੋਗ ਹੈ ਕਿ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਹਨ ਅਤੇ ਉਹ ਕਿਡਨੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਸਤਿਆਪਾਲ ਮਲਿਕ ਗੋਆ, ਬਿਹਾਰ, ਮੇਘਾਲਯਾ ਅਤੇ ਜੰਮੂ-ਕਸ਼ਮੀਰ ਦੇ ਰਾਜਪਾਲ ਰਹਿ ਚੁੱਕੇ ਹਨ।
ਮਈ ਮਹੀਨੇ ਵਿੱਚ CBI ਨੇ ਦਰਜ ਕੀਤੀ ਸੀ ਚਾਰਜਸ਼ੀਟ
ਕੇਂਦਰੀ ਜਾਂਚ ਬਿਊਰੋ (CBI) ਨੇ ਕਿਰੂ ਪਨਬਿਜਲੀ ਪ੍ਰੋਜੈਕਟ ਰਿਸ਼ਵਤ ਮਾਮਲੇ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਅਤੇ ਹੋਰ ਪੰਜ ਲੋਕਾਂ ਵਿਰੁੱਧ ਆਰੋਪ ਪੱਤਰ ਦਾਇਰ ਕੀਤਾ ਹੈ। CBI ਨੇ 2022 ਵਿੱਚ ਇਹ ਮਾਮਲਾ ਦਰਜ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਕੇਸ 2019 ਵਿੱਚ ਕਿਰੂ ਹਾਈਡ੍ਰੋ ਇਲੈਕਟ੍ਰਿਕ ਪਾਵਰ (HEP) ਪ੍ਰੋਜੈਕਟ ਦੇ ਸਿਵਲ ਕੰਮਾਂ ਦੇ ਲਗਭਗ ₹2,200 ਕਰੋੜ ਦੇ ਠੇਕੇ ਨੂੰ ਇੱਕ ਨਿੱਜੀ ਕੰਪਨੀ ਨੂੰ ਦੇਣ ਵਿੱਚ ਹੋਈ ਕਥਿਤ ਬੇਨਿਯਮੀ ਨਾਲ ਜੁੜਿਆ ਹੋਇਆ ਹੈ।
ਸੀਬੀਆਈ ਨੇ 2024 ਵਿੱਚ ਜਾਂਚ ਦੇ ਸਿਲਸਿਲੇ ਵਿੱਚ ਦਿੱਲੀ ਅਤੇ ਜੰਮੂ ਵਿੱਚ ਅੱਠ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਠੇਕੇ ਦੇ ਅਲਾਟਮੈਂਟ ਵਿੱਚ ਰਿਸ਼ਵਤਖੋਰੀ ਦੀ ਗੱਲ ਖੁਦ ਸਤਿਆਪਾਲ ਮਲਿਕ ਨੇ ਉਠਾਈ ਸੀ, ਜਦੋਂ ਉਹ 23 ਅਗਸਤ 2018 ਤੋਂ 30 ਅਕਤੂਬਰ 2019 ਤੱਕ ਜੰਮੂ-ਕਸ਼ਮੀਰ ਦੇ ਰਾਜਪਾਲ ਸਨ। ਸਤਿਆਪਾਲ ਮਲਿਕ ਨੇ ਉਦੋਂ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਦੋ ਫਾਈਲਾਂ ਨੂੰ ਮਨਜ਼ੂਰੀ ਦੇਣ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਕਿਰੂ ਜਲਵਿਦਿਅਤ ਪ੍ਰੋਜੈਕਟ ਨਾਲ ਸਬੰਧਤ ਸੀ, ਪਰ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।























