*ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰਾਂ ਖਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ – ਗੋਇਲ*

0
462

ਮਾਨਸਾ 23 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਲੁਧਿਆਣੇ ਦੇ ਇੱਕ ਅਖੌਤੀ ਸੰਗਠਨ ‘ਡਾਕਟਰ ਅੰਬੇਦਕਰ ਯੂਥ ਸੈਨਾ’ ਦੇ ਪੰਜ ਸੱਤ ਵਿਅਕਤੀਆਂ ਵੱਲੋਂ ਲੁਧਿਆਣੇ ਦੇ ਚੀਮਾ ਚੌਂਕ ਵਿੱਚ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ (ਜਿਨਾਂ ਨੂੰ ਉਹ ਗਾਲੀ ਗਲੋਚ ਵਾਲੀ ਭਾਸ਼ਾ ਨਾਲ “ਝੋਲਾ ਛਾਪ ਡਾਕਟਰ ਮਾਫੀਆ” ਦੱਸਦੇ ਹਨ ) ਦਾ ਪੁਤਲਾ ਫੂਕਿਆ ਗਿਆ। ਅਖੇ ਇਹ ਬਿਨਾਂ ਡਿਗਰੀਆਂ ਤੇ ਬਿਨਾਂ ਰਜਿਸਟਰੇਸ਼ਨਾਂ ਦੇ ਕਲੀਨਿਕਾਂ ਚਲਾ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਸੋ ਉਹਨਾਂ ਨੂੰ ਬੰਦ ਕਰਵਾਉਣ ਅਤੇ ਉਹਨਾਂ ਖਿਲਾਫ ਪਰਚੇ ਦਰਜ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸਦੀ ਵੀਡੀਓ ਦੈਨਿਕ ਸਵੇਰਾ ਨਾਂ ਦੇ ਇੱਕ ਚੈਨਲ ਦੇ ਪੱਤਰਕਾਰ ਸੰਦੀਪ ਸ਼ਰਮਾ ਦੇ ਮਾਧਿਅਮ ਰਾਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ।


ਕੀ ਪਿੱਦੀ ਤੇ ਕੀ ਪਿੱਦੀ ਦਾ ਸ਼ੋਰਬਾ! ਇਸਤਰਾਂ ਦਾ ਗਾਲੀ ਗਲੋਚ ਤੇ ਬੇਹੂਦਾ ਹਰਕਤਾਂ ਅਨਾੜੀ ਤੇ ਕਮ ਅਕਲ ਬੰਦੇ ਵੇਲੇ ਕੁਵੇਲੇ ਕਰਦੇ ਹੀ ਰਹਿੰਦੇ ਹਨ। ਇਸ ਨੂੰ ਕੋਈ ਖਾਸ ਤਵੱਜੋਂ ਦੇਣ ਦੀ ਲੋੜ ਨਹੀਁ। ਪਰ ਮੈਡੀਕਲ ਪ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ: 295 (ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ) ਵੱਲੋਂ ਇਸ ਘਿਨਾਉਣੀ ਤੇ ਨਿੰਦਣਯੋਗ ਹਰਕਤ ਦਾ ਨੋਟਿਸ ਇਸ ਲਈ ਲਿਆ ਗਿਆ, ਤਾਂ ਕਿ ਇਸ ਚ ਉਭਾਰੇ ਗਏ ਕੁਝ ਜ਼ਰੂਰੀ ਸਵਾਲਾਂ ਨੂੰ ਸਪੱਸ਼ਟ ਕੀਤਾ ਜਾ ਸਕੇ।ਤਾਂ ਕਿ ਆਮ ਲੋਕ ਗੁਮਰਾਹ ਨਾ ਹੋਣ। ਐਸੋਸੀਏਸ਼ਨ ਦੇ ਸੂਬਾ ਸਰਪ੍ਰਸਤ ਡਾ. ਸੁਰਜੀਤ ਸਿੰਘ ਲੁਧਿਆਣਾ ਅਤੇ ਸੂਬਾ ਪ੍ਰੈਸ ਸਕੱਤਰ ਡਾ. ਚਮਕੌਰ ਸਿੰਘ ਦੀ ਅਗਵਾਈ ‘ਚ ਗਿੱਲ ਰੋਡ ਬਲਾਕ ਦੀ ਆਗੂ ਟੀਮ ਬਲਾਕ ਪ੍ਰਧਾਨ ਡਾ. ਹਰਦੀਪ ਸਿੰਘ, ਵਿੱਤ ਸਕੱਤਰ ਡਾ. ਕੁਲਵਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਸੁਖਦੇਵ ਰਮਨ, ਮੀਤ ਪ੍ਰਧਾਨ ਡਾ. ਕੇਦਾਰ ਸਿੰਘ ਅਤੇ ਸਰਗਰਮ ਕਾਰਜ ਕਰਤਾ ਡਾ. ਮਨਪਰੀਤ ਸਿੰਘ ਵੱਲੋਂ ਬਲਾਕ ਦੇ ਦਫਤਰ ਵਿਖੇ ਪੱਤਰਕਾਰ ਸੰਦੀਪ ਸ਼ਰਮਾ ਨੂੰ ਬੁਲਾ ਕੇ ਮੀਟਿੰਗ ਕੀਤੀ ਗਈ। ਅਤੇ ਆਪਣੇ ਆਪ ਨੂੰ ਡਾ ਅੰਬੇਦਕਰ ਯੂਥ ਸੈਨਾ ਦਾ ਪ੍ਰਧਾਨ ਦੱਸਣ ਵਾਲ਼ੇ ਰਾਜ ਕੁਮਾਰ ਦੇ ਘਰ ਅਤੇ ਦਫ਼ਤਰ ਜਾ ਕੇ ਸਵਾਲ ਕੀਤੇ ਗਏ ਕਿ ਕੀ ਉਹ ਜਾਣਦੇ ਹਨ ਕਿ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਇਹ ਵਰਤਾਰਾ ਇੱਕ ਬਹੁਤ ਵੱਡਾ ਸਮਾਜਿਕ ਮਸਲਾ ਹੈ। ਜੋ ਇੱਕ ਪਾਸੇ ਬੇਹਿਸਾਬ ਬੇਰੋਜ਼ਗਾਰੀ ਤੇ ਦੂਜੇ ਪਾਸੇ ਮੁਢਲੀਆਂ ਸਿਹਤ ਸੇਵਾਵਾਂ ਦੀ ਸਿਰੇ ਦੀ ਘਾਟ ਚੋਂ ਪੈਦਾ ਹੋਇਆ ਹੈ। ਪੰਜਾਬ ਦੀਆਂ ਖਸਤਾ ਹਾਲ ਸਰਕਾਰੀ ਸਿਹਤ ਸੇਵਾਵਾਂ 20℅ ਤੋਂ ਵੱਧ ਲੋਕਾਂ ਨੂੰ ਸੇਵਾਵਾਂ ਦੇਣ ਜੋਗੀਆਂ ਨਹੀਂ। ਇਸ ਹਾਲਤ ਵਿੱਚ ਡੇਢ ਲੱਖ ਦੇ ਕਰੀਬ ਇਹ ਅਨ ਰਜਿਸਟਰਡ ਮੈਡੀਕਲ ਪਰੈਕਟੀਸ਼ਨਰ ਹਨ ਜੋ ਪਿੰਡਾਂ ਅਤੇ ਸ਼ਹਿਰੀ ਗਰੀਬ ਬਸਤੀਆਂ ਅੰਦਰ ਵਰ੍ਹਿਆਂ ਤੋਂ ਗਰੀਬ ਤੇ ਆਮ ਲੋੜਵੰਦ ਲੋਕਾਂ ਨੂੰ, ਮਮੂਲੀ ਫੀਸ ‘ਤੇ ਮੁਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਸਰਕਾਰ ਦੇ ਹਿੱਸੇ ਦੀ ਜਿੰਮੇਵਾਰੀ ਨਿਭਾਉਂਦੇ ਆ ਰਹੇ ਹਨ । ਕੁਝ ਘਾਟਾਂ, ਗਲਤੀਆਂ ਵਾਲੇ ਕੁਝ ਪ੍ਰਤੀਸ਼ਤ ਬੰਦੇ ਕਿਹੜੇ ਤਬਕੇ ਵਿੱਚ ਨਹੀਂ। ਉਹਨਾਂ ਦੇ ਨਾਂ ਤੇ ਸਮੁੱਚੇ ਤਬਕੇ ਨੂੰ ਖਦੇੜਨ ਦੀ ਗੱਲ ਕਰਨਾ ਸਿਹਤ ਸੇਵਾਵਾਂ ਦੇ ਖੇਤਰ ‘ਚ ਉਹਨਾਂ ਵਲੋਂ ਨਿਭਾਏ ਜਾ ਰਹੇ ਮਹੱਤਵ ਪੂਰਨ ਅਤੇ ਸਾਰਥਕ ਰੋਲ ਨੂੰ ਘੱਟੇ ਰੋਲਣਾ ਹੈ। ਇਵੇਂ ਹੀ ਉਹਨਾਂ ਦੇ ਅਮਲੀ ਤਜਰਬੇ ਨੂੰ ਦਰ ਕਿਨਾਰ ਕਰਕੇ ਡਿਗਰੀਆਂ ਦੀ ਅਣਹੋਂਦ ਸਦਕਾ ਹੀ ਬੰਦ ਕਰਵਾਉਣ ਦੀ ਗੱਲ ਕਰਨਾ ਕਿਧਰ ਦਾ ਇਨਸਾਫ਼ ਹੈ ? ਜ਼ਿਕਰਯੋਗ ਹੈ ਕਿ ਅਸਲ ਵਿੱਚ ਝੋਲਾ ਛਾਪ ਨਸ਼ਾ ਵੇਚਣ ਵਾਲੇ, ਭਰੂਣ ਹੱਤਿਆਂ ਕਰਨ ਅਤੇ ਕਰਾਉਣ ਵਾਲੇ ,ਬੇਲੋੜੇ ਟੈਸਟ ਅਤੇ ਇਲਾਜ ਕਰਨ ਵਾਲੇ ਝੋਲਾ ਛਾਪ ਹਨ ਨਾ ਕਿ ਤਜਰਬੇਕਾਰ, ਨੇਕ ਸਲਾਹ, ਜਾਇਜ ਫੀਸ ਲੈਣ ਵਾਲੇ।
ਇਹ ਤਾਂ ਸਿਰਫ ਰੋਜ਼ ਮਰਾ ਦੀਆਂ ਮਾਮੂਲੀ ਬਿਮਾਰੀਆਂ ‘ਚ ਲੋਕਾਂ ਨੂੰ ਮੁਢਲੀ ਸਹਾਇਤਾ ਹੀ ਦਿੰਦੇ ਹਨ। ਤੇ ਇਸ ਖਾਤਰ ਇਹਨਾਂ ਕੋਲ ਵਰਿਆਂ ਲੰਮਾ ਪਰੈਕਟੀਕਲ ਤਜਰਬਾ ਹੈ, ਜੋ ਆਪਣੇ ਆਪ ਵਿਚ ਇੱਕ ਯੋਗਤਾ ਹੈ। ਜਿਥੋਂ ਤੱਕ ਡਿਗਰੀਆਂ ਦੀ ਅਣਹੋਂਦ ਜਾਂ ਅਕੈਡਮਿਕ ਗਿਆਨ ਦੀ ਘਾਟ ਦਾ ਤੁਅੱਲਕ ਹੈ ਇਸ ਲਈ ਖੁਦ ਸਰਕਾਰਾਂ ਅਤੇ ਦੇਸ਼ ਦਾ ਰਾਜ ਪ੍ਰਬੰਧ ਜਿੰਮੇਵਾਰ ਹੈ। ਅਸੀਂ ਤਾਂ ਪਿਛਲੇ ਤੀਹ ਵਰੵਿਆਂ ਤੋਂ ਇਸ ਮੰਗ ‘ਤੇ ਲੜਦੇ ਆ ਰਹੇ ਹਾਂ ਕਿ ਸਰਕਾਰ ਕੋਈ ਮੁਢਲੀ ਪੱਧਰ ਦਾ ਟਰੇਨਿੰਗ ਕੋਰਸ ਕਰਵਾ ਕੇ ਸਾਨੂੰ ਰਜਿਸਟਰਡ ਕਰੇ। ਪਰ ਕਿਸੇ ਵੀ ਸਰਕਾਰ ਨੇ ਫੋਕੇ ਲਾਰਿਆਂ ਤੋਂ ਬਿਨਾਂ ਕੱਖ ਨਹੀਂ ਕੀਤਾ। ਕੀ ਸਾਡੇ ਖਿਲਾਫ਼ ਬੇਮਤਲਬ ਸ਼ੋਰ ਸ਼ਰਾਬਾ ਕਰਨ ਵਾਲੇ ਅਖੌਤੀ ਸਮਾਜ ਸੁਧਾਰਕਾਂ ਤੇ ਪੱਤਰਕਾਰਾਂ ਨੇ ਕਦੇ ਕਿਸੇ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਹ ਇਹ ਮਸਲਾ ਹੱਲ ਕਿਉਂ ਨਹੀਂ ਕਰਦੀ ? ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਦੀ ਗੱਲ ਕਰੀਏ ਤਾਂ ਇਹ ਹੱਕ ਤਾਂ ਕਿਸੇ ਨੂੰ ਵੀ ਨਹੀਂ।ਪਰ ਅਸਲ ਚ ਖਿਲਵਾੜ ਕੌਣ ਕਰ ਰਹੇ ਹਨ ? ਕਿਵੇਂ ਕਿਵੇਂ ਤੇ ਕਿੱਥੇ ਕਿੱਥੇ ਹੋ ਰਿਹਾ ਹੈ ਖਿਲਵਾੜ ? ਕੌਣ ਹਨ ਅਸਲ ਦੋਸ਼ੀ ? ਸਾਡਾ ਪਾਣੀ, ਹਵਾ ਤੇ ਵਾਤਾਵਰਣ ਬੁਰੀ ਤਰਾਂ ਪਲੀਤ ਕਰ ਦਿੱਤਾ ਗਿਆ ਹੈ। ਇਸ ਪਰਦੂਸ਼ਣ ਨਾਲ ਫੈਲਣ ਵਾਲੀਆਂ ਬਿਮਾਰੀਆਂ- ਟੀ ਬੀ, ਦਮਾ, ਨਮੂਨੀਆਂ, ਟਾਈਫਾਈਡ, ਕਾਲਾ ਪੀਲੀਆ ਤੇ ਕੈਂਸਰ ਆਦਿ ਨਾਲ ਦੇਸ਼ ਚ ਹਰ ਸਾਲ 21 ਲੱਖ ਲੋਕ ਮਰ ਰਹੇ ਹਨ। ਇੱਕ ਸਾਲ ਤੋਂ ਘੱਟ ਉਮਰ ਦੇ 5 ਲੱਖ ਮਸੂਮ ਬੱਚੇ ਗਰੀਬੀ, ਕੁਪੋਸ਼ਣ ਤੇ ਇਲਾਜ ਨਾ ਕਰਵਾ ਸਕਣ ਕਰਕੇ ਮੌਤ ਦੇ ਮੂੰਹ ‘ਚ ਜਾ ਪੈਂਦੇ ਹਨ। ਚਾਰ ਚੁਫੇਰੇ ਬਿਮਾਰੀਆਂ ਦੀ ਭਰਮਾਰ ਹੈ। ਕੀ ਇਹ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਨਹੀ? ਇਸ ਲਈ ਜਿੰਮੇਵਾਰ ਕੌਣ ਹੈ ? ਨਕਲੀ ਦਵਾਈਆਂ, ਖਾਣ ਪੀਣ ਵਾਲੀਆਂ ਚੀਜ਼ਾਂ ਚ ਮਿਲਾਵਟ,ਆਮ ਬੰਦੇ ਦੀ ਪਹੁੰਚ ਤੋਂ ਮਹਿੰਗਾ ਇਲਾਜ ਤੇ ਏਦਾਂ ਦਾ ਹੋਰ ਬਹੁਤ ਕੁਝ ਹੈ ਜੋ ਲੋਕਾਂ ਦੀ ਜ਼ਿੰਦਗੀ ਨਾਲ ਸਿੱਧਾ ਖਿਲਵਾੜ ਹੈ। ਉਹ ਸਭ ਇਹਨਾਂ ਅਖੌਤੀ ਲੋਕ ਦਰਦੀਆਂ ਨੂੰ ਕਿਉਂ ਨਹੀਂ ਦਿਸਦਾ ? ਲੋਕਾਂ ਨਾਲ ਸਭ ਤੋਂ ਵੱਡਾ ਖਿਲਵਾੜ ਤਾਂ ਕਰੋਨਾ ਕਾਲ ਚ ਹੋਇਆ ਸੀ ਜਦੋਂ ਸਭ ਛੋਟੇ ਵੱਡੇ ਹਸਪਤਾਲਾਂ ਨੇ ਆਮ ਬਿਮਾਰੀਆਂ ਦਾ ਮਰੀਜਾਂ ਲਈ ਦਰਵਾਜੇ ਬੰਦ ਕਰ ਲਏ ਸਨ। ਉਦੋਂ ਇਹਨਾਂ ਅਨਰਜਿਸਟਰਡ ਡਾਕਟਰਾਂ ਨੇ ਹੀ ਲੋਕਾਂ ਦੀ ਬਾਂਹ ਫੜੀ ਸੀ। ਅਸਲ ਚ ਇਸ ਮਸਲੇ ਬਾਰੇ ਤੇ ਸਮਾਜੀ ਹਕੀਕਤਾਂ ਬਾਰੇ ਭੋਰਾ ਵੀ ਸਮਝ ਨਾ ਰੱਖਣ ਵਾਲੇ ਇਹ ਅਨਾੜੀ ਭੱਦਰ ਪੁਰਸ਼ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਰਕੇ ਨਾ ਕਿਸੇ ਦਾ ਭਲਾ ਕਰ ਸਕਦੇ ਹਨ ਨਾ ਨੁਕਸਾਨ। ਸਗੋਂ ਖੁਦ ਆਪਣਾ ਹੀ ਜਲੁਸ ਕੱਢ ਰਹੇ ਹਨ । ਚੰਗਾ ਹੋਵੇ ਜੇ ਉਹ ਦਿਮਾਗ ਦੀ ਸਹੀ ਵਰਤੋਂ ਕਰਨੀ ਸਿੱਖ ਲੈਣ । ਆਗੂਆਂ ਨੇ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਆਪਣੀ ਗਲਤੀ ਦੀ ਜਨਤਕ ਮਾਫੀ ਨਾ ਮੰਗੀ ਅਤੇ ਸਾਡੇ ਸਾਫ਼ ਸੁਥਰੀ ਪ੍ਰੈਕਟਿਸ ਕਰਦੇ ਕਿਸੇ ਵੀ ਮੈਡੀਕਲ ਪ੍ਰੈਕਟੀਸ਼ਨਰ ਨੂੰ ਤੰਗ ਪ੍ਰੇਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਗੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸੂਬਾ ਆਗੂਆਂ ਨਾਲ ਹੋਈ ਪੈਨਲ ਮੀਟਿੰਗ ਵਿੱਚ ਅਣਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਟ੍ਰੇਨਿੰਗ ਦੇਣ ਲਈ ਬਣੀ ਸਹਿਮਤੀ ਸਬੰਧੀ ਉਚ ਅਧਿਕਾਰੀਆਂ ਨੂੰ ਜਲਦੀ ਸੁਰੂ ਕਰਵਾਉਣ ਦੀ ਹਦਾਇਤ ਵੀ ਕੀਤੀ ਗਈ ਸੀ ਪ੍ਰੰਤੂ ਇਸ ਅਤਿ ਜ਼ਰੂਰੀ ਸਮਾਜਿਕ ਮਸਲੇ ਨੂੰ ਹੱਲ ਕਰਨ ਲਈ ਕਾਨੂੰਨੀ ਨੁਕਤਾ ਨਜ਼ਰ ਤੋਂ ਹੀ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਸ਼ੁਰੂ ਕੀਤੀ ਪ੍ਰਕਿਰਿਆ ਨੂੰ ਠੰਡੇ ਬਸਤੇ ਵਿੱਚ ਪਾਉਣਾ ਪੰਜਾਬ ਸਰਕਾਰ ਨੂੰ ਵੀ ਬਹੁਤ ਮਹਿੰਗਾ ਪਵੇਗਾ।

LEAVE A REPLY

Please enter your comment!
Please enter your name here