

ਫਗਵਾੜਾ 2 ਅਪ੍ਰੈਲ (ਸਾਰਾ ਯਹਾਂ/ਸ਼ਿਵ ਕੌੜਾ) ਸ਼ਿਵ ਸੈਨਾ ਅਖੰਡ ਭਾਰਤ ਅਤੇ ਵਿਸ਼ਵ ਹਿੰਦੂ ਸੰਘ ਵੱਲੋਂ 4 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਰਾਮ ਨੌਮੀ ਦੇ ਮੌਕੇ ’ਤੇ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦੇ ਸਬੰਧ ‘ਚ ਸੱਦਾ ਪੱਤਰ ਵੰਡਣ ਦੀ ਪ੍ਰਕਿਰਿਆ ਆਪਣੇ ਅੰਤਿਮ ਪੜਾਅ ’ਤੇ ਹੈ। ਇਸ ਤਹਿਤ ਅੱਜ ਸ਼ੋਭਾ ਯਾਤਰਾ ਦੇ ਪ੍ਰਬੰਧਕਾਂ ਨੇ ਸ਼ਿਵ ਸੈਨਾ ਯੂ.ਬੀ.ਟੀ. ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੂੰ ਸੱਦਾ ਪੱਤਰ ਦਿੱਤਾ। ਪ੍ਰਬੰਧਕ ਅਜੇ ਮਹਿਤਾ ਅਤੇ ਰਮਨ ਨਹਿਰਾ ਨੇ ਦੱਸਿਆ ਕਿ ਸ਼ੋਭਾ ਯਾਤਰਾ 4 ਅਪ੍ਰੈਲ ਨੂੰ ਬਾਅਦ ਦੁਪਹਿਰ 3 ਵਜੇ ਮੌਨੀ ਬਾਬਾ ਮੰਦਿਰ, ਦਾਣਾ ਮੰਡੀ ਫਗਵਾੜਾ ਤੋਂ ਸ਼ੁਰੂ ਹੋਵੇਗੀ। ਜਿਸ ਵਿੱਚ ਫਗਵਾੜਾ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਜੱਥੇਬੰਦੀਆਂ ਪੂਰਾ ਸਹਿਯੋਗ ਕਰ ਰਹੀਆਂ ਹਨ। ਸ਼ੋਭਾ ਯਾਤਰਾ ਵਿੱਚ ਭਗਵਾਨ ਸ਼੍ਰੀ ਰਾਮ ਦੇ ਪਰਿਵਾਰ ਨਾਲ ਸਬੰਧਤ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਇਹ ਸ਼ੋਭਾ ਯਾਤਰਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਮੁੱਖ ਸੜਕਾਂ ਤੋਂ ਹੋ ਕੇ ਵਾਪਸ ਮੂਲ ਸਥਾਨ ’ਤੇ ਸਮਾਪਤ ਹੋਵੇਗੀ। ਰਸਤੇ ’ਚ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਨਾਲ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ ਅਤੇ ਵੱਖ-ਵੱਖ ਪੜਾਵਾਂ ’ਤੇ ਕਈ ਤਰ੍ਹਾਂ ਦੇ ਲੰਗਰ ਵੀ ਲਗਾਏ ਜਾਣਗੇ। ਸ਼ਿਵ ਸੈਨਾ ਯੂਬੀਟੀ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਸੰਗਠਨ ਵੀ ਸ਼ੋਭਾ ਯਾਤਰਾ ਵਿੱਚ ਹਾਜਰੀ ਲਗਵਾਏਗਾ ਅਤੇ ਹਰ ਸੰਭਵ ਸਹਿਯੋਗ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਜਿੱਥੇ ਸਮੂਹ ਸ਼੍ਰੀ ਰਾਮ ਭਗਤਾਂ ਨੂੰ ਆਪਣੇ ਪਰਿਵਾਰਾਂ ਸਮੇਤ ਸ਼੍ਰੀ ਰਾਮ ਨੌਮੀ ਦੀ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣ ਅਤੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਜ਼ੋਰਦਾਰ ਅਪੀਲ ਕੀਤੀ, ਉੱਥੇ ਹੀ ਉਨ੍ਹਾਂ ਪ੍ਰਸ਼ਾਸਨ ਤੋਂ ਇਹ ਵੀ ਮੰਗ ਕੀਤੀ ਕਿ ਸਨਾਤਨ ਸਮਾਜ ਦੀਆਂ ਧਾਰਮਿਕ ਮਾਨਤਾਵਾਂ ਦਾ ਸਤਿਕਾਰ ਕਰਦੇ ਹੋਏ ਸ਼ੋਭਾ ਯਾਤਰਾ ਦੇ ਰਸਤੇ ’ਤੇ ਮੀਟ ਅਤੇ ਸ਼ਰਾਬ ਦੀ ਵਿਕਰੀ ’ਤੇ ਸਖ਼ਤ ਪਾਬੰਦੀ ਲਗਾਈ ਜਾਵੇ। ਇਸ ਮੌਕੇ ਕੌਂਸਲਰ ਰਵੀ ਸਿੱਧੂ, ਨਵਲ ਕਿਸ਼ੋਰ ਆਦਿ ਮੌਜੂਦ ਸਨ।























