

ਮਾਨਸਾ, 22 ਜੁਲਾਈ(ਬਲਜੀਤ ਸ਼ਰਮਾ): ਨਵ ਨਿਯੁਕਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸ਼ਨੀਵਾਰ ਸ਼ਾਮ ਦੀ ਬਾਰਿਸ਼ ਤੋਂ ਬਾਅਦ ਸੀਵਰੇਜ਼ ਬੋਰਡ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਤਕਰੀਬਨ ਅੱਧੀ ਰਾਤ ਤੱਕ ਸਖ਼ਤ ਮਿਹਨਤ ਉਪਰੰਤ ਬਾਰਿਸ਼ ਦੇ ਖੜ੍ਹੇ ਪਾਣੀ ਨੂੰ ਕੱਢਣ ਦੀ ਸ਼ਲਾਘਾ ਕਰਦਿਆਂ ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਸ਼ਹਿਰ ਦੇ ਸਾਰੇ ਨੀਵੇਂ ਇਲਾਕੇਆਂ ਦਾ ਜਲਦ ਹੀ ਸਰਵੇ ਕਰਨ ਉਪਰੰਤ ਇਸ ਸਮੱਸਿਆ ਦਾ ਪੱਕਾ ਹੱਲ ਲੱਭਿਆ ਜਾਵੇਗਾ।
ਇਸ ਬਾਰੇ ਹੋਰ ਜਾਣਕਾਰੀ ਦਿੰਦੇਆਂ ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਬਾਰਾਂ ਹੱਟਾਂ ਚੌਂਕ, ਗਊਸ਼ਾਲਾ ਰੋਡ, ਅੰਡਰ ਬਰਿੱਜ ਅਤੇ ਸ਼ਹਿਰ ਦੇ ਹੋਰ ਨੀਵੇਂ ਇਲਾਕੇਆਂ ਦੀਆਂ ਗਲੀਆਂ ਅਤੇ ਸੜਕਾਂ ਤੇ ਖੜ੍ਹੇ ਪਾਣੀ ਨੂੰ 3 ਮੋਟਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਕੱਲ੍ਹ ਰਾਤ ਹੀ ਕੱਢ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਕਾਰਜ ਅੱਜ ਤੜਕਸਾਰ ਹੀ ਦੁਬਾਰਾ ਸ਼ੁਰੂ ਕੀਤਾ ਗਿਆ ਅਤੇ ਅੰਡਰ ਬਰਿੱਜ ਤੇ ਹੋਰ ਕੁਝ ਇਲਾਕੇਆਂ ਵਿਚ ਜੋ ਪਾਣੀ ਰਹਿ ਗਿਆ ਸੀ ਉਸ ਨੂੰ ਵੀ ਕੱਢਣ ਦੇ ਯਤਨ ਕੀਤੇ ਗਏ।
ਕੱਲ੍ਹ ਸ਼ਾਮ ਹੋਈ ਭਾਰੀ ਬਾਰਿਸ਼ ਕਾਰਨ ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਤੇ ਭਾਰੀ ਮਾਤਰਾ ਵਿਚ ਪਾਣੀ ਭਰ ਗਿਆ ਸੀ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ ਵਿਚ ਆਉਣ ਤੇ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਇਕ ਟੀਮ ਸ਼ਹਿਰ ਵਿਚ ਭੇਜੀ।ਇਨ੍ਹਾਂ ਅਧਿਕਾਰੀਆਂ ਦੁਆਰਾ ਮੋਟਰਾਂ ਲਗਵਾ ਕੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਕੀਤਾ ਗਿਆ।
ਬਾਰਿਸ਼ ਮੌਕੇ ਤੁਰੰਤ ਐਕਸ਼ਨ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਭਾਵਿਤ ਇਲਾਕੇਆਂ ਵਿਚੋਂ ਪਾਣੀ ਕੱਢਣ ਲਈ ਸਬੰਧਤ ਅਧਿਕਾਰੀ ਅਤੇ ਕਰਮਚਾਰੀ ਰਾਤ ਸਮੇਂ ਵੀ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਸਿਰਫ ਮੌਕੇ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਕੀਤਾ ਗਿਆ ਹੈ ਪ੍ਰੰਤੂ ਸ਼ਹਿਰ ਵਿਚਲੇ ਪਾਣੀ ਦੇ ਨਿਕਾਸ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਜ਼ਰੂਰਤ ਹੈ, ਜਿਸ ਸਬੰਧੀ ਜਲਦੀ ਹੀ ਨਵੀਂ ਯੋਜਨਾ ਉਲੀਕੀ ਜਾਵੇਗੀ।

ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰ ਦੇ ਨੀਵੇਂ ਇਲਾਕੇਆਂ ਦਾ ਸਰਵੇ ਕਰਨ ਉਪਰੰਤ ਇਸ ਦੀ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪਾਣੀ ਦੀ ਮੁਕੰਮਲ ਨਿਕਾਸੀ ਦਾ ਹੱਲ ਕਰਨ ਲਈ ਬਜ਼ਟ ਦਾ ਐਸਟੀਮੇਟ ਬਣਾ ਕੇ ਸਰਕਾਰ ਕੋਲੋਂ ਫੰਡ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਇਸ ਸਮੱਸਿਆ ਤੋਂ ਪੂਰਨ ਰੂਪ ਵਿਚ ਨਿਜ਼ਾਤ ਮਿਲ ਸਕੇ।
ਇਸ ਦੌਰਾਨ ਉਨ੍ਹਾਂ ਵਿਸਵਾਸ਼ ਦਵਾਇਆ ਕਿ ਸ਼ਹਿਰ ਦੀ ਕੋਈ ਵੀ ਸਮੱਸਿਆ ਹੋਵੇ, ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਪ੍ਰਸ਼ਾਸ਼ਨ ਵੱਲੋਂ ਸੰਭਵ ਯਤਨ ਕੀਤੇ ਜਾਣਗੇ।
EDITED BY : SARA YAHA | | Last Updated : 6:38 pm 22 JULY 2018
EDITED BY : SARA YAHA | | Last Updated : 6:38 pm 22 JULY 2018






















