

ਮਾਨਸਾ,6 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸਥਾਨਕ ਐਸਡੀਕੇਐਲ ਡੀਏਵੀ ਪਬਲਿਕ ਸਕੂਲ, ਮਾਨਸਾ ਵਿੱਚ ਅੱਜ ਪਹਿਲੀ ਵਾਰ ਗਰਲਜ਼ ਕੌਂਸਲ ਵੱਲੋਂ “ਸ਼ਕਤੀ ਸਟਰਾਈਕਸ ਕ੍ਰਿਕਟ ਟੂਰਨਾਮੈਂਟ” ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਵਿੱਚ ਸਿਰਫ਼ ਲੜਕੀਆਂ ਨੇ ਹੀ ਹਿੱਸਾ ਲਿਆ ਅਤੇ ਮੈਚ ਦੌਰਾਨ ਉਨ੍ਹਾਂ ਨੇ ਬੇਹਤਰੀਨ ਜੋਸ਼ ਅਤੇ ਆਤਮਵਿਸ਼ਵਾਸ ਦਿਖਾਇਆ।
ਇਹ ਟੂਰਨਾਮੈਂਟ ਹਾਲ ਹੀ ਵਿੱਚ ਹੋਏ ਵਰਲਡ ਕਪ ਵਿੱਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪ੍ਰੇਰਿਤ ਹੋ ਕੇ ਆਯੋਜਿਤ ਕੀਤਾ ਗਿਆ। ਲੜਕੀਆਂ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਦਿਖਾਇਆ, ਜਿਸ ਨਾਲ ਦਰਸ਼ਕਾਂ ਵਿੱਚ ਵੀ ਉਤਸ਼ਾਹ ਅਤੇ ਮਾਣ ਦੇ ਜਜ਼ਬੇ ਦੇਖਣ ਨੂੰ ਮਿਲੇ।
ਮੈਚ ਦੌਰਾਨ ਖਿਡਾਰੀਆਂ ਦਾ ਹੋਸਲਾ ਵਧਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਤਾਲੀਆਂ ਵਜਾ ਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਇਸ ਟੂਰਨਾਮੈਂਟ ਵਿੱਚ ਵੈਸ਼ਣਵੀ ਅਤੇ ਨਾਰਾਇਣੀ ਟੀਮਾਂ ਵਿਚਕਾਰ ਟਾਸ਼ ਹੋਇਆ, ਜਿਸ ਵਿੱਚ ਨਾਰਾਇਣੀ ਟੀਮ ਨੇ ਟਾਸ਼ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ “ਪਲੇਅਰ ਆਫ਼ ਦ ਮੈਚ” ਲਈ ਗੁਰਨੀਤ ਕੌਰ ਦੀ ਚੋਣ ਕੀਤੀ ਗਈ ਅਤੇ ਉਸਨੂੰ ਟ੍ਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਨਾਲ ਹੀ ਜੇਤੂ ਟੀਮ ਨਾਰਾਇਣੀ ਨੂੰ ਵੀ ਵਿਜੇਤਾ ਟ੍ਰਾਫ਼ੀ ਦਿੱਤੀ ਗਈ, ਜਿਸ ਨਾਲ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਅਤੇ ਮਾਣ ਸਾਫ਼ ਦਿਖਾਈ ਦੇ ਰਹੇ ਸਨ।
ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਇਸ ਆਯੋਜਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲੜਕੀਆਂ ਵਿੱਚ ਆਤਮਵਿਸ਼ਵਾਸ, ਖੇਡ ਭਾਵਨਾ ਅਤੇ ਲੀਡਰਸ਼ਿਪ ਨੂੰ ਮਜ਼ਬੂਤ ਬਣਾਉਂਦੇ ਹਨ। ਸਕੂਲ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਖੇਡ ਮੁਕਾਬਲਿਆਂ ਨੂੰ ਉਤਸ਼ਾਹਿਤ ਕਰਨ ਦਾ ਸੰਕਲਪ ਕੀਤਾ ਹੈ।
ਅੰਤ ਵਿੱਚ, ਜੇਤੂ ਵਿਦਿਆਰਥਣਾਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ ਅਤੇ ਗਰਲਜ਼ ਕੌਂਸਲ ਅਤੇ ਇੰਚਾਰਜ ਅਧਿਆਪਕਾ ਰਮਨਦੀਪ ਕੌਰ ਅਤੇ ਹਰਦੀਪ ਕੌਰ ਨੂੰ ਇਸ ਸਫਲ ਆਯੋਜਨ ਲਈ ਵਧਾਈ ਦਿੱਤੀ ਗਈ।























