ਸਹਿਕਾਰਤਾ ਵਿਭਾਗ ਦਾ ਕਿਸਾਨਾਂ ਨੂੰ ਤੋਹਫਾ

0
255

ਚੰਡੀਗੜ੍ਹ,(ਸਾਰਾ ਯਹਾ,ਬਲਜੀਤ ਸ਼ਰਮਾ) 27 ਜੂਨ: ਪੰਜਾਬ ਰਾਜ ਸਹਿਕਾਰੀ ਬੈਂਕ ਵੱਲੋਂ ਅੱਜ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ ਫੀਸ ਦੀਆਂ ਸੇਵਾਵਾਂ ਆਪਣੇ ਗ੍ਰਾਂਹਕਾਂ ਨੂੰ ਪ੍ਰਦਾਨ ਕਰਨ ਦੀ ਸ਼ੁਰੂਆਤ ਕੀਤੀ ਗਈ। ਬੈਂਕ ਵੱਲੋਂ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਨਾਲ ਅਧਿਕਾਰਤ ਤੌਰ ‘ਤੇ ਕੀਤੇ ਇਕਰਾਰਨਾਮੇ ਤਹਿਤ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਰਸਮੀ ਉਦਘਾਟਨ ਅੱਜ ਇਥੇ ਸੈਕਟਰ-34 ਸਥਿਤ ਬੈਂਕ ਦੇ ਮੁੱਖ ਦਫਤਰ ਦੀ ਬਰਾਂਚ ਵਿਖੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਸ੍ਰੀ ਮਾਲ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕੀਤਾ।

ਸਮਾਗਮ ਦੇ ਮੁੱਖ ਮਹਿਮਾਨ ਸਹਿਕਾਰਤਾ ਮੰਤਰੀ ਸ. ਰੰਧਾਵਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਈ-ਸਟੈਂਪ ਪੇਪਰ ਦਾ ਕੰਮ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਵੱਲੋਂ ਅੱਜ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ 27 ਬਰਾਂਚਾਂ ਰਾਹੀਂ 32 ਤਹਿਸੀਲਾਂ ਵਿੱਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ  ਇਸ ਨਾਲ ਬੈਂਕ ਅਤੇ ਖਾਸ ਕਰਕੇ ਗ੍ਰਾਹਕ ਕਿਸਾਨਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਸ. ਰੰਧਾਵਾ ਨੇ ਕਿਹਾ ਕਿ ਸਹਿਕਾਰੀ ਬੈਂਕ ਕਿਸਾਨੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਵਿਭਾਗ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਕੇਂਦਰੀ ਸਹਿਕਾਰੀ ਬੈਂਕਾਂ ਦੀਆਂ ਬਰਾਂਚਾਂ ਨੂੰ ਅਪਡੇਟ ਕਰਦਿਆਂ ਗ੍ਰਾਹਕ ਪੱਖੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਮਾਲੀ ਹਾਲਤ ਸੁਧਾਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹੋਰ ਬੈਂਕਿੰਗ ਸਹੂਲਤਾਂ ਦੇ ਨਾਲ-ਨਾਲ ਬੈਂਕ ਵੱਲੋਂ ਇਸ ਸਹੂਲਤ ਸ਼ੁਰੂ ਕਰਨ ਨਾਲ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਉਹ ਖੱਜਲ-ਖੁਆਰੀ ਤੋਂ ਬਚਣਗੇ। ਕਿਸਾਨਾਂ ਨੂੰ ਨਗਦੀ ਲੈ ਕੇ ਆਉਣ-ਜਾਣ ਤੋਂ ਰਾਹਤ ਮਿਲੇਗੀ ਅਤੇ ਬੈਂਕਾਂ ਦੀ ਆਰਥਿਕਤਾ ਵੀ ਹੋਰ ਮਜ਼ਬੂਤ ਹੋਵੇਗੀ ਕਿਉਂਕਿ ਰੋਜ਼ਾਨਾ 8 ਤੋਂ 10 ਕਰੋੜ ਰੁਪਏ ਤੱਕ ਈ-ਸਟੈਂਪਾਂ ਦੀ ਵਿਕਰੀ ਦਾ ਅਨੁਮਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਵੱਲੋਂ ਸਹਿਕਾਰੀ ਬੈਂਕ ਵਿੱਚ ਇਹ ਸਹੂਲਤ ਲੈਣ ਸਮੇਂ ਉਨ੍ਹਾਂ ਵਿੱਚ ਇਹ ਭਾਵਨਾ ਵੀ ਪੈਦਾ ਹੋਵੇਗੀ ਕਿ ਉਨ੍ਹਾਂ ਨਾਲ ਕੋਈ ਹੇਰਾਫੇਰੀ ਨਹੀਂ ਹੋਵੇਗੀ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਮਾਲ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦਾ ਹੇਠਲੇ ਪੱਧਰ ‘ਤੇ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸ. ਰੰਧਾਵਾ ਦੀ ਅਗਵਾਈ ਹੇਠ ਪੰਜਾਬ ਵਿੱਚ ਸਹਿਕਾਰਤਾ ਲਹਿਰ ਪ੍ਰਫੁੱਲਤ ਹੋ ਰਹੀ ਹੈ ਅਤੇ ਨਵੀਆਂ ਉਚਾਈਆਂ ਨੂੰ ਛੋਹ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਬਚਾਉਣ ਲਈ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ ਫੀਸ ਦੀਆਂ ਸੇਵਾਵਾਂ ਜਾਰੀ ਹੋਣ ਨਾਲ ਗ੍ਰਾਹਕਾਂ ਨੂੰ ਨਗਦੀ ਕੈਸ ਨਹੀਂ ਚੁੱਕਣਾ ਪਵੇਗਾ ਜਿਸ ਨਾਲ ਉਨ੍ਹਾਂ ਨੂੰ ਬਿਨਾਂ ਕਿਸੇ ਝੰਜਟ ਦੇ ਸਟੈਂਪ ਪੇਪਰ ਮਿਲ ਜਾਇਆ ਕਰਨਗੇ।

ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਸਹਿਕਾਰਤਾ ਸ੍ਰੀ ਵਿਸਵਾਜੀਤ ਖੰਨਾ ਨੇ ਬੋਲਦਿਆਂ ਕਿਹਾ ਕਿ ਕੇਂਦਰੀ ਸਹਿਕਾਰੀ ਬੈਂਕ ਹਰ ਸਮੇਂ ਹੀ ਗ੍ਰਾਹਕਾਂ ਦੀ ਮੁਸ਼ਕਲਾਂ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਤਤਪਰ ਰਹਿੰਦੇ ਹਨ। ਉਸੇ ਹੀ ਕੜੀ ਵਜੋਂ ਬੈਂਕ ਨੇ ਗ੍ਰਾਹਕਾਂ ਲਈ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ ਫੀਸ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ ਜਿਸ ਅਧੀਨ 20,000 ਰੁਪਏ ਜਾਂ ਉਸ ਤੋਂ ਉਪਰ ਦੀ ਰਕਮ ਦੇ ਸਟੈਂਪ ਪੇਪਰ ਕੇਂਦਰੀ ਸਹਿਕਾਰੀ ਬੈਂਕਾਂ ਦੀਆਂ ਬਰਾਂਚਾਂ ਵਿਚੋਂ ਖਰੀਦ ਸਕਦੇ ਹਨ।

ਇਸ ਮੌਕੇ ਸਹਿਕਾਰਤਾ ਮੰਤਰੀ ਸ. ਰੰਧਾਵਾ ਤੇ ਮਾਲ ਮੰਤਰੀ ਸ. ਕਾਂਗੜ ਵੱਲੋਂ ਬੈਂਕ ਦੀਆਂ ਈ-ਸੇਵਾਵਾਂ ਦਾ ਰਸਮੀ ਉਦਘਾਟਨ ਕਰਦਿਆਂ ਬੈਂਕ ਦੇ ਪੁਰਾਣੇ ਗ੍ਰਾਂਹਕਾਂ ਨੂੰ ਆਨਲਾਈਨ ਸਟੈਂਪ ਪੇਪਰ ਵੀ ਜਾਰੀ ਕੀਤੇ ਗਏ। ਇਨ੍ਹਾਂ ਗਾ੍ਰਹਕਾਂ ਅਤੇ ਸਹਿਕਾਰੀਆਂ ਰਵਿੰਦਰ ਗੋਇਲ, ਸੋਮ ਦੱਤ ਸ਼ਰਮਾ, ਹਰਗੋਬਿੰਦ ਅੱਗਰਵਾਲ, ਦੇਵੀ ਦਿਆਲ ਗੋਇਲ, ਵਿਵੇਕ ਗੋਇਲ, ਸੁਨੀਲ ਭਸੀਨ ਨੂੰ ਸਨਮਾਨਿਤ ਵੀ ਕੀਤਾ ਗਿਆ।

ਸਮਾਗਮ ਦੇ ਅੰਤ ਵਿੱਚ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਪ੍ਰਬੰਧਕੀ ਨਿਰਦੇਸ਼ਕ ਡਾ. ਐਸ.ਕੇ.ਬਾਤਿਸ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਸਣੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਗ੍ਰਾਹਕਾਂ ਦੀ ਸਹੂਲਤ ਲਈ ਸਮੇਂ-ਸਮੇਂ ਉਨ੍ਹਾਂ ਨੂੰ ਨਵੀਆਂ ਸਹੂਲਤਾਂ ਪ੍ਰਦਾਨ ਕਰਨ ਬੈਂਕ ਤਤਪਰ ਰਹੇਗਾ।

ਇਸ ਮੌਕੇ ਵਿਧਾਇਕ ਸ੍ਰੀ ਪਰਮਿੰਦਰ ਸਿੰਘ ਪਿੰਕੀ ਤੇ ਸ੍ਰੀ ਕੁਲਬੀਰ ਸਿੰਘ ਜ਼ੀਰਾ, ਨਾਬਾਰਡ ਦੇ ਚੀਫ ਜਨਰਲ ਮੈਨੇਜਰ ਸ੍ਰੀ ਜੇ.ਪੀ.ਐਸ. ਬਿੰਦਰਾ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਦਵਿੰਦਰ ਸਿੰਘ, ਵਧੀਕ ਰਜਿਸਟਰਾਰ ਸ੍ਰੀਮਤੀ ਨਿਸ਼ਾ ਰਾਣਾ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਤੋਂ ਹੈੱਡ ਗੌਰਮਿੰਟ ਬਿਜਨਿਸ ਸ੍ਰੀ ਵਿਵੇਕ ਖੁਰਾਣਾ ਤੇ ਖੇਤਰੀ ਜਨਰਲ ਮੈਨੇਜਰ ਸ੍ਰੀ ਪਰਮੋਦ ਜੋਸ਼ੀ ਹਾਜ਼ਰ ਸਨ। ਮੰਚ ਸੰਚਾਲਨ ਵਧੀਕ ਪ੍ਰਬੰਧ ਨਿਰਦੇਸ਼ਕ (ਬੈਂਕਿੰਗ) ਸ੍ਰੀ ਭੁਪਿੰਦਰ ਸਿੰਘ ਵੱਲੋਂ ਕੀਤਾ ਗਿਆ।

LEAVE A REPLY

Please enter your comment!
Please enter your name here