

ਮਾਨਸਾ, 14 ਮਈ (ਸਾਰਾ ਯਹਾ,(ਬਲਜੀਤ ਸ਼ਰਮਾ): ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵੋਟਰ ਪ੍ਰਤੀਸ਼ਤਤਾ ਵਿਚ ਵਾਧਾ ਕਰਨ ਦੇ ਮਕਸਦ ਨਾਲ ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਰੋਜ਼ਾਨਾ ਹੀ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਹੀ ਗਤੀਵਿਧੀਆਂ ਦੇ ਤਹਿਤ ਵੋਟਰ ਜਾਗਰੂਕਤਾ ਰੋਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਲੋਕਾਂ ਵਿਚ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕਤਾ ਲਿਆਉਣਾ ਬਹੁਤ ਅਹਿਮ ਹੈ ਇਸੇ ਤਹਿਤ ਸਵੀਪ ਮੁਹਿੰਮ ਜ਼ਿਲ੍ਹੇ ਵਿਚ ਸਫ਼ਲਤਾਪੂਰਵਕ ਚੱਲ ਰਹੀ ਹੈ ਅਤੇ ਇਸ ਮੁਹਿੰਮ ਤਹਿਤ ਵੋਟਰ ਜਾਗਰੂਕਤਾ ਰੋਡ ਸ਼ੋਅ ਜੋ ਕਿ 15 ਮਈ ਨੂੰ ਸਵੇਰੇ 10 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਕੀਤਾ ਜਾਵੇਗਾ ਜੋ ਕਿ ਵੱਖ-ਵੱਖ ਪਿੰਡਾਂ ਲੱਲੂਆਣਾਂ, ਬੱਪੀਆਣਾ, ਫਫੜੇ ਭਾਈ ਕੇ, ਗੁਰਨੇ, ਬੁਢਲਾਡਾ, ਬੱਛੂਆਣਾ, ਰੱਲੀ, ਛੋਟੀ ਦਰੀਆਪੁਰ, ਵੱਡੀ ਦਰੀਆਪੁਰ, ਫੁੱਲੂਵਾਲ, ਦਾਤੇਵਾਸ, ਰੰਘੜਿਆਲ, ਖੱਤਰੀਵਾਲਾ, ਦਿਆਲਪੁਰਾ, ਸਿਰਸੀਵਾਲਾ, ਗੋਬਿੰਦਪੁਰਾ, ਜਲਵੇੜਾ, ਬਰੇਟਾ, ਬਹਾਦਰਪੁਰ, ਕਿਸ਼ਨਗੜ੍ਹ, ਖੁਡਾਲ ਕਲਾਂ, ਖੁਡਾਲ ਖੁਰਦ, ਬਖ਼ਸ਼ੀਵਾਲਾ, ਕਾਹਨਗੜ੍ਹ, ਜੁਗਲਾਣ, ਮੰਡੇਰ, ਕੁਲਰੀਆਂ, ਧਰਮਪੁਰਾ, ਸਸਪਾਲੀ, ਅਚਾਨਕ, ਸੈਦੇਵਾਲਾ, ਸਤੀਕੇ, ਕੁਲਾਣਾ, ਕਲੀਪੁਰ, ਮੰਡੇਰ, ਬੋਹਾ, ਮੱਲ ਸਿੰਘ ਵਾਲਾ, ਭੱਠਲ, ਬਰ੍ਹੇ, ਖਾਰਾ, ਬਰਨਾਲਾ, ਜਵਾਹਰਕੇ ਵਿਚ ਹੁੰਦਾ ਹੋਇਆ ਵਾਪਸ ਮਾਨਸਾ ਆ ਕੇ ਸਮਾਪਤ ਹੋਵੇਗਾ।
ਉਨ੍ਹਾਂ ਦੱਸਿਆ ਕਿ ਓਲੰਪੀਅਨ ਸਵਰਨ ਸਿੰਘ ਵਿਰਕ ਅਤੇ ਜ਼ਿਲ੍ਹਾ ਦਿਵਿਯਾਂਗ ਵੋਟਰ ਆਈਕਨ ਸ੍ਰੀ ਸੰਜੀਵ ਗੋਇਲ ਵਿਸ਼ੇਸ਼ ਤੌਰ ਤੇ ਰੋਡ ਸ਼ੋਅ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਯੂਥ ਸੇਵਾਵਾਂ ਦੇ ਵਲੰਟੀਅਰ ਵਿਚ ਰੋਡ ਸ਼ੋਅ ਵਿਚ ਭਾਗ ਲੈਣਗੇ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਇਸ ਰੋਡ ਸ਼ੋਅ ਰਾਹੀਂ ਵੋਟ ਦੇ ਅਧਿਕਾਰ ਦੀ ਵਰਤੋ ਲਾਜ਼ਮੀ ਕਰਨ ਸਬੰਧੀ ਪ੍ਰੇਰਿਤ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਦਿਵਿਯਾਂਗ ਵੋਟਰਾਂ ਨੂੰ ਵੀ ਵੋਟ ਪਾਉਣ ਲਈ ਉਤਸ਼ਾਹਿਤ ਕਰਨਾ ਇਸ ਰੋਡ ਦਾ ਵਿਸ਼ੇਸ਼ ਉਪਰਾਲਾ ਰਹੇਗਾ। ਊਨ੍ਹਾਂ ਦੱਸਿਆ ਕਿ ਅੱਜ ਵੀ ਸਵੀਪ ਮੁਹਿੰਮ ਤਹਿਤ ਮਾਨਸਾ ਕੈਂਚੀਆਂ ਤੇ ਇਕ ਨੁੱਕੜ ਨਾਟਕ ਖੇਡਿ੍ਹਆ ਗਿਆ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
–























