

ਮਾਨਸਾ, 08 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਮਾਨਸਾ ਵਿਚ 20 ਅਗਸਤ ਤੋਂ 7 ਲੱਖ ਲੋਕਾਂ ਨੂੰ 1396 ਪ੍ਰਕਾਰ ਦੇ ਇਲਾਜ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 1.40 ਲੱਖ ਤੋਂ ਵੱਧ ਪਰਿਵਾਰ ਇਸ ਸਿਹਤ ਸਕੀਮ ਅਧੀਨ ਆਉਂਦੇ ਹਨ ਜਿੰਨ੍ਹਾਂ ਨੂੰ ਸਰਕਾਰੀ ਅਤੇ ਪ੍ਰਾÎਈਵੇਟ ਹਸਪਤਾਲਾਂ ਵਿਚ 5 ਲੱਖ ਰੁਪਏ ਦੇ ਮੁਫ਼ਤ ਇਲਾਜ਼ ਦੀ ਸਹੂਲਤ ਦਿੱਤੀ ਜਾਵੇਗੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਪਹਿਲਾਂ ਚਲਾਈ ਗਈ ਸਕੀਮ ਭਗਤ ਪੂਰਨ ਸਿੰਘ ਸਿਹਤ ਯੋਜਨਾ, ਜੇ ਫਾਰਮ ਹੋਲਡਰ ਕਿਸਾਨ, ਸਮਾਜਿਕ ਆਰਥਿਕ ਸਰਵੇਖਣ 2011 ਤਹਿਤ ਪਛਾਣੇ ਗਏ ਪਰਿਵਾਰ, ਸਮਾਰਟ ਰਾਸ਼ਨ ਕਾਰਡਧਾਰਕ, ਆਬਕਾਰੀ ਵਿਭਾਗ ਨਾਲ ਰਜਿਸਟਰਡ ਹੋਏ ਛੋਟੇ ਵਪਾਰੀ, ਅਤੇ ਕਿਰਤ ਵਿਭਾਗ ਨਾਲ ਰਜਿਸਟਰਡ ਮਜ਼ਦੂਰ ਲਾਭਪਾਤਰੀ ਵਜੋਂ ਸ਼ਾਮਿਲ ਸਨ।
ਉਨ੍ਹਾਂ ਦੱਸਿਆ ਕਿ ਹਾਲੇ ਕੋਈ ਵੀ ਨਵੀਂ ਰਜਿਸਟਰੇਸ਼ਨ ਨਹੀਂ ਕੀਤੀ ਜਾ ਰਹੀ। ਹਾਲਾਂਕਿ ਨਵੇਂ ਪਰਿਵਾਰਿਕ ਮੈਂਬਰਾਂ ਦੇ ਨਾਮ ਸ਼ਾਮਿਲ ਕੀਤੇ ਜਾ ਸਕਦੇ ਹਨ ਜਿਸ ਲਈ ਲਾਭਪਾਤਰੀ ਨੂੰ ਸੀ.ਐਸ.ਸੀ. ਕੇਂਦਰ ਵਿਖੇ ਸੰਪਰਕ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਲਾਭਪਾਤਰੀ ਲਿਸਟ ਵਿਚ ਆਪਣਾ ਨਾਮ ਪਿੰਡਾਂ ਵਿਚ ਸਥਾਪਿਤ ਸੀ.ਐਸ.ਸੀ. ਕੇਂਦਰਾਂ, ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਤੇ ਵੇਖ ਸਕਦੇ ਹਨ। ਲਾਭਪਾਤਰੀ ਆਪਣਾ ਸਿਹਤ ਕਾਰਡ ਸੀ.ਐਸ.ਸੀ. ਕੇਂਦਰ ਵਿਖੇ 30 ਰੁਪਏ ਪ੍ਰਤੀ ਕਾਰਡ ਦੇ ਹਿਸਾਬ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਦੇ ਲਈ ਆਰੋਗਿਆ ਮਿੱਤਰ ਦੇ ਅਹੁਦੇ ਵਾਲੇ ਲੋਕਾਂ ਨੂੰ ਹਰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿਚ ਨਿਯੁਕਤ ਕੀਤਾ ਗਿਆ ਹੈ। ਕੋਈ ਵੀ ਆਪਣਾ ਨਾਮ ਲਿਸਟ ਵਿਚ ਵੇਖਣਾ ਚਾਹੁੰਦ ਹੈ ਤਾਂ ਉਹ ਸਬੰਧਤ ਆਰੋਗਿਆ ਮਿੱਤਰ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨਾਲ ਸਬੰਧਤ ਕੋਈ ਵੀ ਕੰਮ ਸੇਵਾ ਕੇਂਦਰਾਂ ਵਿਚ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਇਸ ਸਕੀਮ ਸਰਕਾਰੀ ਸਕੀਮ ਦੇ ਨਾਮ ਤੇ ਗਲਤ ਤਰੀਕੇ ਨਾਲ ਜਾਂ ਲੋਕਾਂ ਨੂੰ ਗੁੰਮਰਾਹ ਕਰਕੇ ਪੈਸੇ ਲੈਂਦਾ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਐਫ.ਆਈ.ਆਰ. ਦਰਜ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਤੇ ਮੀਡੀਆ ਕਰਮੀ ਮੌਜੂਦ ਸਨ।























