

ਮਾਨਸਾ, 23 ਫਰਬਰੀ (ਸਾਰਾ ਯਹਾ,(ਹੀਰਾ ਮਿੱਤਲ) ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵੱਲੋਂ ਉਲੀਕੇ ਐਕਸ਼ਨ ਤੇ ਪਹਿਰਾ ਦਿੰਦਿਆ ਅੱਜ ਮਾਨਸਾ ਜ਼ਿਲ੍ਹੇ ਵਿੱਚ ਦੂਸਰੇ ਦਿਨ ਵੀ‘ਪੜ੍ਹੋ ਪੰਜਾਬ ਪੰਜਾਬ ਪੜਾਓ’ ਪੰਜਾਬ ਦੇ ਪ੍ਰੋਜੈਕਟ ਦਾ ਬਾਈਕਾਟ ਪੂਰੀ ਤਰਾਂ ਸਫਲ ਰਿਹਾ। ਬੇਸ਼ੱਕ ਜਿਲ੍ਹਾ ਸਿੱਖਿਆ ਅਫਸਰ (ਐਲੀ.) ਰਜਿੰਦਰ ਕੌਰ ਵੱਲੋਂ ਪੁਲਿਸ ਦੇ ਪਹਿਰੇ ਹੇਠ ਭਾਈ ਦੇਸਾ ਵਿਖੇ ਟੈਸਟਿੰਗ ਸ਼ੁਰੂ ਕੀਤੀ ਪਰ ਅਧਿਆਪਕਾਂ ਦੇ ਰੋਹ ਅੱਗੇ ਉਹਨਾਂ ਨੂੰ ਅੱਧ ਵਿਚਾਲੇ ਸਕੂਲ ਚੋਂ ਵਾਪਸ ਪਰਤਣਾ ਪਿਆ। ਅਧਿਆਪਕ ਆਗੂਆਂ ਦਾ ਦੋਸ਼ ਹੈ ਕਿ ਇਸ ਸਿੱਖਿਆ ਅਫਸਰ ਵੱਲੋਂ ਅਧਿਆਪਕਾਂ ਦੇ ਜਬਰਦਸਤੀ ਮੋਬਾਇਲ ਖੋਹ ਕੇ ਅਤੇ ਉਹਨਾਂ ਨੂੰ ਟੈਸਟਿੰਗ ਕਰਵਾਉਣ ਲਈ ਡਰਾਇਆ ਧਮਕਾਇਆ ਜਾ ਰਿਹਾ ਹੈ ਜਿਸ ਕਰਕੇ ਅਧਿਆਪਕ ਸੰਘਰਸ਼ ਕਮੇਟੀ ਮਾਨਸਾ ਨੇ ਫੈਸਲਾ ਕੀਤਾ ਹੈ ਕਿ ਜਿਹੜੇ ਸਿੱਖਿਆ ਅਫਸਰ ਅਜਿਹੀਆਂ ਵਧੀਕੀਆਂ ਕਰਦੇ ਹਨ ਉਹਨਾਂ ਵਿਰੁੱਧ ਸੋਮਵਾਰ ਤੋਂ ਤਿੱਖੇ ਐਕਸ਼ਨ ਕੀਤੇ ਜਾਣਗੇ।
ਗੋਰਤਲਬ ਹੈ ਕਿ ਸਰਕਾਰ ਅਧਿਆਪਕਾਂ ਦੀ ਇਸ ਜੰਥੇਬੰਦੀ ਨੂੰ ਝੁਕਾਉਣ ਲਈ ਆਪਣਾ ਹਰ ਹੀਲਾ ਵਰਤ ਰਹੀ ਹੈ, ਪ੍ਰੰਤੂ ਇਹ ਅਧਿਆਪਕਾਂ ਦੇ ਹੌਸਲੇ ਸਾਹਮਣੇ ਬੇਵੱਸ ਪ੍ਰਤੀਤ ਹੁੰਦੀ ਜਾਪਦੀ ਹੈ। ਮਿਲੀ ਜਾਣਕਾਰੀ ਤਹਿਤ ਅੱਜ ਪੜ੍ਹੋ ਪੰਜਾਬ ਦੀ ਟੀਮ ਵੱਲੋਂ ਆਪਣੀ ਯੋਜਨਾ ਤਹਿਤ ਸਕੂਲਾਂ ਦੇ ਲੜੀਵਾਰ ਕ੍ਰਮ ਨੂੰ ਤੋੜ ਕੇ ਝਕਾਨੀ ਦਿੰਦੇ ਹੋਏ ਅਚਨਚੇਤ ਸਰਕਾਰੀ ਪ੍ਰਾਇਮਰੀ ਸਕੂਲਾਂ ਸਮਾਓ, ਬਖ਼ਸੀਵਾਲਾ, ਕੋਟਧਰਮੂ, ਮੀਆਂ, ਬਰਨਾਲਾ, ਕਣਕਵਾਲ ਚਹਿਲਾ, ਉਲਕ, ਬੋੜਾਵਾਲ ਆਦਿ ਸਕੂਲਾਂ ਵਿੱਚ ਛਾਪਾ ਮਾਰ ਕੇ ਜਦ ਟੈਸਟਿੰਗ ਕਰਨੀ ਚਾਹੀ, ਤਾਂ ਦੁਬਾਰਾ ਫਿਰ ਸਿੱਖਿਆ ਸਕੱਤਰ ਦੀ ਇਸ ਟੀਮ ਨੂੰ ਵੱਡੀ ਗਿਣਤੀ ਵਿੱਚ ਸਕੂਲਾਂ ਦੀ ਮੈਨੇਜਮੈਂਟ ਕਮੇਟੀਆਂ, ਪੰਚਾਂ-ਸਰਪੰਚਾਂ, ਗ੍ਰਾਮ ਪੰਚਾਇਤਾਂ, ਬੱਚਿਆਂ ਦੇ ਮਾਪਿਆਂ, ਭਾਰਤੀ ਕਿਸਾਨ ਯੂਨੀਅਨ ਅਤੇ ਹੋਰ ਕਈ ਕਿਸਾਨ ਤੇ ਮਜ਼ਦੂਰਾਂ ਦੀਆਂ ਜੰਥੇਬੰਦੀਆਂ ਦੇ ਵਿਰੋਧ ਕਾਰਨ ਖਾਲੀ ਹੱਥ ਵਾਪਸ ਮੁੜਨਾ ਪਿਆ। ਇੱਥੋਂ ਤੱਕ ਕਿ ਸਰਕਾਰੀ ਪ੍ਰਾਇਮਰੀ ਸਕੂਲ਼ ਭਾਈ ਦੇਸਾ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਰਾਜਿੰਦਰ ਕੌਰ ਨੇ ਪੁਲਿਸ ਦੇ ਬਲ ਨਾਲ ਖੁਦ ਆ ਕੇ ਜਦੋਂ ਟੈਸਟਿੰਗ ਕਰਨੀ ਚਾਹੀ, ਤਾਂ ਕਾਫੀ ਕਸ਼ਮਕਸ ਹੁੰਦੇ ਹੋਏ ਉਹ ਵੀ ਪੂਰੀ ਟੈਸਟਿੰਗ ਕਰਨ ਵਿੱਚ ਨਾ ਕਾਮਯਾਬ ਰਹੀ। ਇਸ ਤੋਂ ਇਲਾਵਾ ਬਹੁਤ ਸਾਰੀਆਂ ਥਾਵਾਂ ਤੇ ਡਿਪਟੀ ਡੀ.ਈ.ਓ., ਡਾਇਟ ਪ੍ਰਿੰਸੀਪਲ, ਜ਼ਿਲ੍ਹਾ ਕੋਆਰਡੀਨੇਟਰ, ਸੀ.ਐਮ.ਟੀ., ਬੀ.ਐਮ.ਟੀ. ਨੂੰ ਵੀ ਜੰਥੇਬੰਦੀ ਦੇ ਏਕੇ ਸਦਕਾ ਦੂਸਰੇ ਦਿਨ ਵੀ ਬੇਰੰਗ ਮੁੜਨਾ ਪਿਆ।
ਇਸ ਦੌਰਾਨ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਕਰਮਜੀਤ ਤਾਮਕੋਟ, ਇੰਦਰਜੀਤ ਡੇਲੂਆਣਾ, ਹਰਦੀਪ ਸਿੰਘ ਸਿੱਧ, ਸੁਖਚੈਨ ਸਿੰਘ ਗੁਰਨੇਕਲਾਂ, ਹਰਜਿੰਦਰ ਅਨੂਪਗੜ੍ਹ, ਗੁਰਪਿਆਰ ਸਿੰਘ ਕੋਟਲੀ, ਅਮੋਲਕ ਡੇਲੂਆਣਾ, ਨਰਿੰਦਰ ਮਾਖਾ, ਗੁਰਦਾਸ ਰਾਏਪੁਰ, ਨਿਿਤਨ ਸੋਢੀ, ਰਾਜੇਸ਼ ਕੁਮਾਰ ਬੁਢਲਾਡਾ, ਨਾਜ਼ਮ ਸਿੰਘ ਖਿਆਲਾ, ਰਾਜਵਿੰਦਰ ਮੀਰ,ਮਨਮੋਹਨ ਜੋਗਾ, ਰਾਜਦੀਪ ਬਰੇਟਾ, ਵਰਿੰਦਰ ਬਰਾੜ, ਖੁਸ਼ਵਿੰਦਰ ਸਿੰਘ ਬਰਾੜ, ਅਮਨਦੀਪ ਬੁਢਲਾਡਾ, ਜਗਤਾਰ ਸਿੰਘ ਝੱਬਰ, ਗੁਰਪ੍ਰੀਤ ਸਿੰਘ, ਦਰਸ਼ਨ ਅਲੀਸ਼ੇਰ, ਗੁਰਮੇਲ ਬੋੜਾਵਾਲ,ਵਿਜੈ ਕੁਮਾਰ ਬੁਢਲਾਡਾ, ਗੁਰਮੇਲ ਸਿੰਘ ਬਰੇ੍ਹ, ਗੁਰਲਾਲ ਸਿੰਘ ਬੁਢਲਾਡਾ, ਮੈਡਮ ਹਰਪਾਲ ਕੌਰ, ਕੁਲਦੀਪ ਕੌਰ, ਮਨਪ੍ਰੀਤ ਗੜੱਦੀ, ਗੁਰਲਾਲ ਸਿੰਘ ਭਾਦੜਾ, ਅੰਗਰੇਜ਼ ਸਾਹਨੇਵਾਲੀ, ਸ਼ਸ਼ੀ ਕਾਠ, ਜਸਵਿੰਦਰ ਜਵਾਹਰਕੇ, ਸਿਕੰਦਰ ਸਿੰਘ ਝੱਬਰ, ਜੁਗਿੰਦਰ ਬਰ੍ਹੇ, ਬਿਹਾਰਾ ਸਿੰਘ ਦੋਦੜਾ, ਲਖਵੀਰ ਬੋਹਾ, ਬਲਵਿੰਦਰ ਸ਼ਰਮਾ ਭੀਖੀ ਆਦਿ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਤੁਰੰਤ ਹੀ ਇਸ ਪ੍ਰੋਜੈਕਟ ਨੂੰ ਬੰਦ ਕਰਕੇ ਅਧਿਆਪਕਾਂ ਦੇ ਮਸਲੇ ਫੌਰਨ ਹੱਲ ਕਰੇ, ਨਹੀਂ ਤਾਂ ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ। ਉਹਨਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਜੇਕਰ ਕਿਸੇ ਵੀ ਕਿਸਮ ਦਾ ਕੋਈ ਵੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਮਜਦੂਰ ਮੁਕਤੀ ਮੋਰਚਾ ਦੇ ਆਗੂ ਗੁਰਸੇਵਕ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਅਧਿਆਪਕਾਂ ਦੇ ਇਸ ਅੰਦੋਲਨ ਦਾ ਭਰਵਾ ਸਾਥ ਦਿੱਤਾ ਜਾਵੇਗਾ।
EDITED BY : SARA YAHA | | Last Updated : 7:26 pm 23 ਫ਼ਰਵਰੀ 2019























