

ਚੰਡੀਗੜ੍ਹ, (ਸਾਰਾ ਯਹਾ,(ਬਲਜੀਤ ਸ਼ਰਮਾ) 31 ਜੁਲਾਈ: ਸੂਬੇ ਦੇ ਕਈ ਬਲਾਕਾਂ ਵਿੱਚ ਪਾਣੀ ਦੇ ਘੱਟ ਰਹੇ ਪੱਧਰ ਸਬੰਧੀ ਬੱਚਿਆਂ ਨੂੰ ਜਲ ਸੰਭਾਲ ਦੀ ਲੋੜ ਬਾਰੇ ਜਾਗਰੂਕ ਕਰਨ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਜਾਗਰੂਕਤਾ ਪੰਦਰਵਾੜਾ ਮਨਾਉਣ ਦਾ ਫੈਸਲਾ ਲਿਆ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ, ਪੰਜਾਬ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਦਿੱਤੀ।
ਇਸ ਜਾਗਰੂਕਤਾ ਪੰਦਰਵਾੜੇ ਵਿੱਚ ਸੂਬੇ ਦੇ ਸਾਰੇ ਮਿਡਲ, ਸੈਕੰਡਰੀ ਅਤੇ ਹਾਈ ਸੈਕੰਡਰੀ ਸਕੂਲਾਂ ਵਿੱਚ ਵਿਭਿੰਨ ਮੁਕਾਬਲੇ ਕਰਵਾਏ ਜਾਣਗੇ। 1 ਅਗਸਤ ਨੂੰ ‘ਪਾਣੀ ਬਚਾਓ’ ਵਿਸ਼ੇ ‘ਤੇ ਲੇਖ ਲੇਖਣ ਮੁਕਾਬਲਾ ਕਰਵਾਇਆ ਜਾਵੇਗਾ ਜਦੋਂ ਕਿ 2, 3 ਅਤੇ 5 ਅਗਸਤ ਨੂੰ ਕ੍ਰਮਵਾਰ ਪੇਂਟਿੰਗ ਮੁਕਾਬਲੇ, ਪੌਦੇ ਲਗਾਉਣ ਅਤੇ ਕੁਵਿਜ਼ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਵਨ ਐਕਟ ਪਲੇਅ, ਸਲੋਗਨ ਰਾਈਟਿੰਗ, ਗਰੁੱਪ ਡਿਸਕਸ਼ਨਸ, ਚਾਰਟ ਮੇਕਿੰਗ, ਆਬਜੈਕਟਿਵ ਪ੍ਰਸ਼ਨਾਂ ਦੇ ਮੁਕਾਬਲੇ ਕਰਵਾਏ ਜਾਣਗੇ। ਪ੍ਰੋਗਰਾਮ ਦੇ ਅਖੀਰਲੇ ਦਿਨ ਵੱਖ ਵੱਖ ਉਮਰ ਵਰਗਾਂ ਲਈ 14 ਅਗਸਤ ਨੂੰ ਮਿੰਨੀ ਮੈਰਾਥਨ ਆਯੋਜਿਤ ਕੀਤੀ ਜਾਵੇਗੀ।
ਸ੍ਰੀ ਸਿੰਗਲਾ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਪਾਣੀ ਦੇ ਘੱਟ ਰਹੇ ਪੱਧਰ ਨੂੰ ਦੇਖਦਿਆਂ, ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਕੁਦਰਤ ਦੇ ਇਸ ਕੀਮਤੀ ਸੋਮੇ ਦੀ ਮਹੱਤਤਾ ਅਤੇ ਸੰਭਾਲ ਬਾਰੇ ਜਾਗਰੂਕ ਕਰਵਾਇਆ ਜਾਵੇ ਕਿਉਂ ਜੋ ਪਾਣੀ ਦੀ ਘਾਟ ਦੀ ਸਮੱਸਿਆ ਨਾਲ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦਾ ਜੀਵਨ ਸਭ ਤੋਂ ਵੱਧ ਪ੍ਰਭਾਵਿਤ ਹੋਵਗਾ।























