

ਬੁਢਲਾਡਾ/ਮਾਨਸਾ, 28 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕਰਾਂਤੀ ਮੁਹਿੰਮ ਤਹਿਤ ਸੂਬੇ ਦੇ ਸਰਕਾਰੀ ਸਕੂਲਾਂ ਦੀ ਕਾਇਕਲਪ ਕਰਨ ਲਈ ਇਤਿਹਾਸਕ ਫੈਸਲੇ ਲਏ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਹਲਕੇ ਦੇ ਪਿੰਡ ਬਰ੍ਹੇ, ਕਿਸ਼ਨਗੜ੍ਹ ਅਤੇ ਬੁਢਲਾਡਾ ਦੇ ਸਰਕਾਰੀ ਸਕੂਲਾਂ ’ਚ 67.43 ਲੱਖ ਰੁਪਏ ਦੀ ਲਾਗਤ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਨੇ ਕਿਹਾ ਕਿ ਸਿੱਖਿਆ ਤੋਂ ਬਿਨ੍ਹਾਂ ਸਮਾਜ ਦਾ ਸਮੁੱਚਾ ਵਿਕਾਸ ਨਹੀਂ ਹੋ ਸਕਦਾ। ਇਸ ਲਈ ਪੰਜਾਬ ਸਰਕਾਰ ਵੱਲੋਂ ਆਧੁਨਿਕ ਸਿੱਖਿਆ ਪ੍ਰਣਾਲੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਸਦਕਾ ਹੁਣ ਸਰਕਾਰੀ ਸਕੂਲਾਂ ਵਿਚ ਡਿਜ਼ੀਟਲ ਕਲਾਸਰੂਮ ਬਣ ਚੁੱਕੇ ਹਨ। ਸੂਬਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ਾਂ ਵਿਚ ਭੇਜਿਆ ਜਾ ਰਿਹਾ ਹੈ ਤਾਂ ਜੋ ਉਹ ਚੰਗੀ ਮੁਹਾਰਤ ਹਾਸਲ ਕਰਕੇ ਸਾਡੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਪ੍ਰਦਾਨ ਕਰ ਸਕਣ।
ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸਖ਼ਤ ਮਿਹਨਤ ਕਰਕੇ, ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਨਾਲ ਹੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਕਰਵਾਉਣ।
ਵਿਧਾਇਕ ਨੇ ਸਰਕਾਰੀ ਸੈਕੰਡਰੀ ਸਕੂਲ ਬਰ੍ਹੇ ਵਿਖੇ 43.40 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਬੁਢਲਾਡਾ ਵਿਖੇ 12.69 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਕਿਸ਼ਨਗੜ੍ਹ ਵਿਖੇ 11.34 ਲੱਖ ਰੁਪਏ ਦੀ ਲਾਗਤ ਦੇ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਪਰਮਜੀਤ ਸਿੰਘ, ਹਲਕਾ ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਹੈਡਮਾਸਟਰ ਮਨਦੀਪ ਸਰਾਂ, ਪ੍ਰਿੰਸੀਪਲ ਗੁਰਮੀਤ ਸਿੱਧੂ, ਸਕੂਲ ਮੁਖੀ ਨਿਰਮਲ ਸਿੰਘ, ਜਸਵਿੰਦਰ ਸਿੰਘ ਤੇ ਦਿਨੇਸ਼ ਗਰਗ, ਚੇਅਰਮੈਨ ਸੀ.ਐਮ.ਸੀ. ਹਰਮੰਦਰ ਸਿੰਘ, ਮੇਵਾ ਸਿੰਘ ਤੇ ਸੁਖਪ੍ਰੀਤ ਕੌਰ, ਪਿਆਰਾ ਸਿੰਘ ਗੁਰਨੇ, ਪ੍ਰੀਤ ਗਿੱਲ, ਹੈਰੀ ਗਿੱਲ, ਬਲਾਕ ਪ੍ਰਧਾਨ ਗੁਰਤੇਜ ਸਿੰਘ, ਸਿਕੰਦਰ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।























