

ਮਾਨਸਾ, 26 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਦੋ ਰੋਜ਼ਾ ਸੰਸਥਾ ਪੱਧਰੀ ਖੇਡਾਂ ਕਰਵਾਈਆਂ ਗਈਆਂ ਅਤੇ ਵੱਖ-ਵੱਖ ਟਰੇਡਾਂ ਦੇ ਸਿੱਖਿਆਰਥੀਆਂ ਵੱਲੋਂ ਆਪਸ ਵਿੱਚ ਖੇਡ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਨੂੰ ਕਰਵਾਉਣ ਦਾ ਮੰਤਵ ਨੌਜਵਾਨਾਂ ਦਾ ਖੇਡਾਂ ਵੱਲ ਰੁਝਾਣ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚੋਂ ਵਧੀਆ ਸਥਾਨ ਹਾਸਿਲ ਕਰਨ ਵਾਲੇ ਸਿੱਖਿਆਰਥੀ ਜੋਨ ਲੈਵਲ ਖੇਡਾਂ ਵਿੱਚ ਭਾਗ ਲੈ ਸਕਣਗੇ। ਵੱਖ-ਵੱਖ ਹੋਈਆਂ ਖੇਡਾਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼੍ਰੀ ਹਰਵਿੰਦਰ ਕੁਮਾਰ ਨੇ ਦੱਸਿਆ ਕਿ ਵਾਲੀਬਾਲ ਅਤੇ ਰੱਸਾ-ਕੱਸੀ ਦੇ ਮੁਕਾਬਲਿਆਂ ਵਿੱਚੋਂ ਪਲੰਬਰ ਟਰੇਡ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ, ਖੋ-ਖੋ ਵਿੱਚ ਕਟਾਈ ਸਿਲਾਈ ਟਰੇਡ ਨੇ ਪਹਿਲਾ ਸਥਾਨ ਅਤੇ ਜੈਵਲਿਨ ਥਰੋਅ ਵਿੱਚੋਂ ਪਲੰਬਰ ਟਰੇਡ ਦੇ ਮਨਦੀਪ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਦੱਸਿਆ ਕਿ ਇਸੇ ਤਰ੍ਹਾਂ ਗੋਲਾ ਸੁੱਟਣ ਵਿੱਚੋਂ ਵੈਲਡਰ ਟਰੇਡ ਦੇ ਅਰਸ਼ਦੀਪ ਸਿੰਘ ਨੇ ਪਹਿਲਾ ਸਥਾਨ, ਉੱਚੀ ਛਾਲ ਅਤੇ ਲੰਮੀ ਛਾਲ ਵਿੱਚ ਕੰਜਿਊਮਰ ਇਲੈਕਟ੍ਰੋਨਿਕ ਟਰੇਡ ਦੇ ਹਰਜਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 100 ਮੀਟਰ ਦੌੜ ਵਿੱਚੋਂ ਗੁਰਬਿੰਦਰ ਸਿੰਘ ਨੇ ਅਤੇ 1600 ਮੀਟਰ ਦੌੜ ਵਿੱਚੋਂ ਲਖਵਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।























