

ਮਾਨਸਾ, 29 ਅਪ੍ਰੈਲ:- (ਸਾਰਾ ਯਹਾਂ/ਜਗਤਾਰ ਧੰਜਲ): ਸਮਾਜ ਵਿੱਚ ਟੁੱਟ ਰਹੇ ਰਿਸ਼ਤੇ, ਰਿਸ਼ਤਿਆਂ ਵਿੱਚ ਆ ਰਿਹਾ ਵਿਗਾੜ ਪਰਿਵਾਰ ਛੋਟੇ ਹੋਣ ਅਤੇ ਘਰੇਲੂ ਕਲੇਸ਼ ਵਧਣ ਦੀਆਂ ਘਟਨਾਵਾਂ ਚਿੰਤਾਜਨਕ ਹਨ। ਕਿਸੇ ਨਾ ਕਿਸੇ ਰੂਪ ਵਿੱਚ ਸਮਾਜ ਖੇਰੂੰ-ਖੇਰੂੰ ਹੋ ਰਿਹਾ ਹੈ। ਇਸ ਗੱਲ ਤੇ ਗਹਿਰੀ ਚਿੰਤਾ ਪ੍ਰਗਟਾਉਂਦਿਆਂ ਅੱਗਰਵਾਲ ਸਭਾ ਮਾਨਸਾ ਦੇ 13ਵੀਂ ਵਾਰ ਪ੍ਰਧਾਨ ਬਣੇ ਪ੍ਰਸ਼ੋਤਮ ਬਾਂਸਲ ਨੇ ਕਿਹਾ ਕਿ ਇਸ ਚਿੰਤਾ ਨਾਲ ਸਾਡੇ ਅੰਦਰ ਕਦਰਾਂ, ਕੀਮਤਾਂ, ਸਹਿਣਸ਼ੀਲਤਾ, ਸਤਿਕਾਰ, ਸਦਭਾਵਨਾ ਅਤੇ ਟੁੱਟ ਰਹੇ ਰਿਸ਼ਤਿਆਂ ਪ੍ਰਤੀ ਮੌਜੂਦਾ ਹਾਲਾਤ ਤੇ ਸਮਝ ਬਣਾਉਣ ਦੀ ਲੋੜ ਹੈ। ਨਹੀਂ ਤਾਂ ਅਸੀਂ ਰਿਸ਼ਤੇ ਢੌਂਹਦੇ ਰਹਾਂਗੇ ਅਤੇ ਸਮਾਜ ਵਿੱਚ ਪਰਿਵਾਰ ਛੋਟੇ ਤੇ ਅਲੱਗ ਥਲੱਗ ਬਣ ਕੇ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਅਗਰਵਾਲ ਸਭਾ ਇਸ ਤੇ ਫਿਕਰਮੰਦ ਹੈ। ਸਭਾ ਵੱਲੋਂ ਆਪਣੇ ਸਮਾਜ ਦੇ ਟੁੱਟ ਅਤੇ ਵਿਗੜ ਰਹੇ ਇਨ੍ਹਾਂ ਰਿਸ਼ਤਿਆਂ ਨੂੰ ਬਚਾਉਣ ਅਤੇ ਬਣਾ ਕੇ ਰੱਖਣ ਲਈ ਯਤਨ ਕੀਤੇ ਜਾਣਗੇ। ਉਨਾਂ ਕਿਹਾ ਕਿ ਸਭਾ ਇਹ ਮਹਿਸੂਸ ਕਰਦੀ ਹੈ ਕਿ ਸਾਡੇ ਸਮਾਜ ਵਿੱਚ ਅਸਹਿਣਸ਼ੀਲਤਾ, ਬੇਰੁੱਖੀ, ਸਤਿਕਾਰ ਅਤੇ ਅਹਿਮੀਅਤ ਘਟਦੀ ਜਾ ਰਹੀ ਹੈ। ਇੱਛਾਵਾਂ ਵਧਦੀਆਂ ਜਾ ਰਹੀਆਂ ਹਨ। ਜਿਨ੍ਹਾਂ ਸਦਕਾ ਅਸੀਂ ਅੱਜ ਰਿਸ਼ਤਿਆਂ ਵਿੱਚ ਬੱਝ ਕੇ ਵੀ ਰਿਸ਼ਤਿਆਂ ਦੀ ਗੰਭੀਰਤਾ, ਉਨ੍ਹਾਂ ਦੀ ਅਪਣੱਤ ਅਤੇ ਰਿਸ਼ਤਿਆਂ ਵਿਚਲੀ ਮਿਠਾਸ ਨੂੰ ਗਵਾਉਂਦੇ ਜਾ ਰਹੇ ਹਨ।

ਸਮਾਜ ਅੰਦਰ ਵਾਪਰ ਰਹੀਆਂ ਵੱਖ-ਵੱਖ ਘਟਨਾਵਾਂ ਇਸੇ ਦੀ ਉੱਪਜ ਹਨ। ਜਦੋਂ ਤੱਕ ਅਸੀਂ ਇਨ੍ਹਾਂ ਪ੍ਰਤੀ ਗੰਭੀਰ ਅਤੇ ਸੰਵੇਦਨਸ਼ੀਲ ਨਹੀਂ ਹੁੰਦੇ। ਸਮਾਜ ਨੂੰ ਟੁੱਟਣੋ ਅਤੇ ਘਰੇਲੂ ਕਲੇਸ਼ ਨੂੰ ਵਧਣੋਂ ਰੋਕਣਾ ਸਾਡੇ ਲਈ ਅਸੰਭਵ ਹੋ ਜਾਵੇਗਾ। ਉਨ੍ਹਾਂ ਨੇ ਅਗਰਵਾਲ ਸਮਾਜ ਨੂੰ ਸੱਦਾ ਦਿੰਦਿਆਂ ਕਿਹਾ ਕਿ ਵਿਆਹਾਂ ਸ਼ਾਦੀਆਂ “ਤੇ ਬੇਲੋੜੇ ਖਰਚੇ ਘਟਾ ਕੇ ਆਪਣੇ ਸਮਾਜ ਲਈ ਅਸੀਂ ਇੱਕ ਮੱਦਦ ਭਰਿਆ ਜਾਗਰੂਕ ਸੁਨੇਹਾ ਦੇਈਏ, ਜਿਸ ਸਦਕਾ ਸਾਡੇ ਸਮਾਜ ਦੇ ਮਾੜੇ ਹਾਲਾਤਾਂ ਵਿੱਚ ਰਹਿ ਰਹੇ ਲੋਕਾਂ ਦੀ ਸਹਾਇਤਾ ਅਤੇ ਪ੍ਰਤਿਭਾਵਾਨ ਪੜ੍ਹਣਯੋਗ ਬੱਚਿਆਂ ਦੀ ਮਾਲੀ ਮਦਦ ਕਰ ਸਕੀਏ। ਉਨ੍ਹਾਂ ਕਿਹਾ ਕਿ ਸਭਾ ਵੱਲੋਂ ਸਮਾਜ, ਪਰਿਵਾਰ, ਰਿਸ਼ਤਿਆਂ ਦੇ ਅੰਦਰੂਨੀ ਸੁਨੇਹੇ ਵੀ ਲੋਕਾਂ ਤੱਕ ਲੈ ਜਾਣ ਦੀ ਲੋੜ ਹੈ। ਬਜ਼ੁਰਗਾਂ ਦਾ ਸਤਿਕਾਰ ਅਤੇ ਪਰਿਵਾਰਾਂ ਨੂੰ ਜੋੜ ਕੇ ਰੱਖਣ ਲਈ ਸੁਨੇਹੇ ਤੇ ਜਾਗਰੂਕਤਾ ਲਿਆਉਣ ਦਾ ਕਾਰਜ ਵੀ ਸਭਾ ਆਰੰਭੇਗੀ। ਪ੍ਰਸ਼ੋਤਮ ਬਾਂਸਲ ਨੇ ੳੇੁਨ੍ਹਾਂ ਨੂੰ ਮੁੜ ਪ੍ਰਧਾਨ ਚੁਣਨ ਅਤੇ ਸਭਾ ਵੱਲੋਂ ਉਨ੍ਹਾਂ ਦੇ ਕੰਮ ਵਿੱਚ ਭਰੋਸਾ ਪ੍ਰਗਟਾਉਣ ਲਈ ਧੰਨਵਾਦ ਕਰਦਿਆਂ ਹਰ ਮੈਂਬਰ ਅਤੇ ਭਾਈਚਾਰੇ ਦੇ ਵਿਅਕਤੀ ਨੂੰ ਇਸ ਸੇਵਾ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।























