

ਮਾਨਸਾ, 22 ਮਈ ( ਹੀਰਾ ਸਿੰਘ ਮਿੱਤਲ ) : ਜ਼ਿਲ੍ਹਾ ਮਾਨਸਾ ਦੇ ਸਮੂਹ ਸਕੂਲ ਮੁੱਖੀਆਂ ਦੀ ਮੀਟਿੰਗ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਬਲਵਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਬੱਚਤ ਭਵਨ ਮਾਨਸਾ ਵਿਖੇ ਹੋਈ। ਇਸ ਮੌਕੇ ਉਨ੍ਹਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਵਾਤਾਵਰਨ ਨੂੰ ਹਰਿਆਵਲ ਬਣਾਉਣ ਲਈ ਸਕੂਲਾਂ ਵਿੱਚ ਵੱਧ ਤੋ ਵੱਧ ਰੁੱਖ ਲਗਾਏ ਜਾਣ, ਤਾਂ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸੰਭਾਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇ। ਮੀਟਿੰਗ ਦੌਰਾਨ ਉਨ੍ਹਾਂ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਜਮਾਤ ਦਸਵੀ ਅਤੇ ਬਾਰ੍ਹਵੀਂ ਦੇ ਵਧੀਆ ਨਤੀਜੇ ਆਉਣ ‘ਤੇ ਵਧਾਈ ਦਿਤੀ।
ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ (ਸ) ਸ਼੍ਰੀ ਸੁਭਾਸ਼ ਚੰਦਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ (ਸ) ਸ਼੍ਰੀ ਜਗਰੂਪ ਭਾਰਤੀ ਵੱਲੋਂ ਸਕੂਲ ਮੁੱਖੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਦਫਤਰ ਦੇ ਵੱਖ-ਵੱਖ ਕੰਪੋਨੈਂਟਸ ਨਾਲ ਸਬੰਧਤ ਕੰਮਾਂ ਅਤੇ ਮੁੱਖ ਦਫਤਰ ਵਲੋ ਪ੍ਰਾਪਤ ਹਦਾਇਤਾਂ ਨੂੰ ਸਕੂਲ ਮੁੱਖੀਆਂ ਨਾਲ ਸਾਂਝਾ ਕੀਤਾ ਗਿਆ।
ਜਿਲ੍ਹਾ ਸਾਇੰਸ ਸੁਪਰਵਾਈਜਰ ਸ਼੍ਰੀ ਕੰਵਲਜੀਤ ਸਿੰਘ ਨੇ ਵੱਖ-ਵੱਖ ਵਜੀਫਾ ਪ੍ਰੀਖਿਆਵਾਂ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਪੜੋ ਪੰਜਾਬ ਪੜਾਓ ਪੰਜਾਬ ਦੇ ਵੱਖ-ਵੱਖ ਵਿਸ਼ਿਆਂ ਦੇ ਡੀ.ਐਮਜ਼ ਵਲੋ ਆਪਣੇ-ਆਪਣੇ ਵਿਸ਼ਿਆਂ ਨਾਲ ਸਬੰਧਤ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ ਸ਼੍ਰੀ ਲਤੀਫ ਅਹਿਮਦ ਅਤੇ ਸਹਾਇਕ ਕਮਿਸ਼ਨਰ (ਜ) ਸ਼੍ਰੀ ਓਮ ਪ੍ਰਕਾਸ਼, ਪ੍ਰਿੰਸੀਪਲ ਸ਼੍ਰੀ ਗੁਰਲਾਭ ਸਿੰਘ, ਸ਼੍ਰੀ ਪਰਵਿੰਦਰ ਸਿੰਘ ਕੰਪਿਊਟਰ ਅਧਿਆਪਕ, ਸ਼੍ਰੀ ਰੁਪਿੰਦਰ ਸਿੰਘ, ਸ਼੍ਰੀ ਤਰਸੇਮ ਸਿੰਘ, ਸ਼੍ਰੀ ਬਲਵਿੰਦਰ ਸਿੰਘ ਅਤੇ ਰਜਨੀਸ਼ ਕੁਮਾਰ ਮੌਜੂਦ ਸਨ।






















