

ਮਾਨਸਾ, 02 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) :ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਫ਼ਾਜ਼ਿਲਕਾ ਦੇ ਅਰਨੀਵਾਲਾ ਦੇ ਸਕੂਲ ਆਫ਼ ਐਮੀਨੈਂਸ ਤੋਂ ਪੰਜਾਬ ਭਰ ‘ਚ ਯੁੱਧ ਨਸ਼ਿਆਂ ਵਿਰੁੱਧ Curriculum ਦੀ ਰਸਮੀ ਸ਼ੁਰੂਆਤ ਕੀਤੀ ਗਈ। ਜਿਸਦੀਆਂ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਨੇ ਕਿਹਾ ਕਿ ਹੁਣ ਪੰਜਾਬ ਦੇ ਸਕੂਲਾਂ ਵਿੱਚ ਵੀ ਨਸ਼ਾ ਮੁਕਤੀ ਵਿਸ਼ੇ ਦੀ ਪੜ੍ਹਾਈ ਕਰਵਾਈ ਜਾਵੇਗੀ। ਸੂਬੇ ਵਿੱਚ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਲਤ ਤੋਂ ਬਚਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਪਾਠਕ੍ਰਮ ਪੜ੍ਹਾਇਆ ਜਾਵੇਗਾ। ਸੂਬੇ ਭਰ ਦੇ ਸਕੂਲਾਂ ਵਿੱਚ ਨੌਵੀਂ ਤੋਂ 12 ਵੀਂ ਜਮਾਤ ਤੱਕ ਪੜ੍ਹਦੇ 8 ਲੱਖ ਵਿਦਿਆਰਥੀਆਂ ਦੇ ਸਕੂਲੀ ਸਿਲੇਬਸ ਦੇ ਪਾਠਕ੍ਰਮ ‘ਚ ਨਿਵੇਕਲਾ ਨਸ਼ਿਆਂ ਵਿਰੁੱਧ ਜਾਗਰੂਕਤਾ ਵਿਸ਼ਾ ਸ਼ਾਮਲ ਕੀਤਾ ਗਿਆ ਹੈ। ਜਿਸਨੂੰ 6500 ਸਿਖਲਾਈ ਪ੍ਰਾਪਤ ਅਧਿਆਪਕ ਗਿਆਨ ਤੇ ਹੁਨਰ ਨਾਲ ਪੜ੍ਹਾਉਣਗੇ। ਇਸ ਨਿਵੇਕਲੀ ਪਹਿਲ ਦੀ ਸ਼ੁਰੂਆਤ ਅੱਜ ਫਾਜ਼ਿਲਕਾ ਦੇ ਅਰਨੀਵਾਲਾ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਰਵਾਈ। ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਜਿਸਨੇ ਸਕੂਲੀ ਪਾਠਕ੍ਰਮ ਵਿੱਚ ਨਸ਼ਾ ਮੁਕਤੀ ਵਿਸ਼ੇ ਨੂੰ ਸ਼ਾਮਲ ਕੀਤਾ ਹੈ। ਇਸ ਦੇ ਤਹਿਤ ਹਰ 15 ਦਿਨਾਂ ਵਿੱਚ 35 ਮਿੰਟ ਦੀ ਕਲਾਸ ਰਾਹੀਂ, ਬੱਚਿਆਂ ਨੂੰ ਵੀਡੀਓ, ਕੁਇਜ਼ ਅਤੇ ਖੇਡਾਂ ਰਾਹੀਂ ਸਿਖਾਇਆ ਜਾਵੇਗਾ ਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਕਿਉਂ ਅਤੇ ਕਿਵੇਂ ਦੂਰ ਰਹਿਣਾ ਚਾਹੀਦਾ ਹੈ। ਪੰਜਾਬ ਭਰ ਦੇ ਸਕੂਲਾਂ ਦੇ ਬੱਚਿਆਂ, ਅਧਿਆਪਕਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ‘ਚ ਸਹਿਯੋਗ ਦੇਣ ਦੀ ਲੋੜ ਹੈ। ਬੇਸ਼ੱਕ ਇਸ ਨਸ਼ਿਆਂ ਨੂੰ ਲਿਆਉਣ ਵਾਲੀਆਂ ਵਿਰੋਧੀ ਪਾਰਟੀਆਂ ਹਨ। ਪਰ ਇਸਨੂੰ ਖ਼ਤਮ ਕਰਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ। ਜਿਸਦਾ ਇੱਕੋ ਇੱਕ ਮਤਲਬ ਹੈ ਕਿ ਬੱਚਿਆਂ ਨੂੰ ਗ਼ਲਤ ਦਿਸ਼ਾ ਵੱਲ ਜਾਣ ਤੋਂ ਰੋਕਣਾ ਹੈ। ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਅਜਿਹੀਆਂ ਗਤੀਵਿਧੀਆਂ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਤਾਂ ਜ਼ੋ ਪੰਜਾਬ ਨੂੰ ਅਤੇ ਪੰਜਾਬੀਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਤਹਿਤ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ ਹਨ ਅਤੇ ਇਸੇ ਲੜ੍ਹੀ ਤਹਿਤ ਸ਼ਹਿਰਾਂ ਵਿੱਚ ਨਸ਼ਾ ਮੁਕਤ ਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਿਨ੍ਹਾਂ ਦਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਵੱਲੋਂ ਸੰਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ। ਨਸ਼ਾ ਮੁਕਤੀ ਯਾਤਰਾਵਾਂ ਦੇ ਪ੍ਰੋਗਰਾਮ ਦੌਰਾਨ ਹਾਜ਼ਰੀਨ ਨੂੰ ਨਸ਼ਾ ਨਾ ਕਰਨ ਅਤੇ ਨਾ ਹੀ ਵਿਕਣ ਦੇਣ ਦੀ ਸਹੁੰ ਚੁਕਾਈ ਜਾਂਦੀ ਹੈ।
ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਨਸ਼ੇ ਦੀ ਸਮਗਲਿੰਗ ਵਿੱਚ ਲਿਪਤ ਵੱਡੀਆਂ ਮੱਛੀਆਂ ਨੂੰ ਪਿੱਛਲੀਆਂ ਸਰਕਾਰਾਂ ਨੇ ਸਮਾਂ ਰਹਿੰਦੇ ਜੇ ਇਹਨਾਂ ਸਮਗਲਰਾਂ’ ‘ਤੇ ਨੱਥ ਪਾਈ ਹੁੰਦੀ ਤਾਂ ਅੱਜ ਪੰਜਾਬ ਦਾ ਇਹ ਹਾਲ ਨਾ ਹੁੰਦਾ। ਉਨ੍ਹਾਂ ਕਿਹਾ ਕਿ ਮਾਜੂਦਾ ਪੰਜਾਬ ਸਰਕਾਰ ਨਸ਼ੇ ਸਪਲਾਈ ਦੀ ਚੈਨ ਤੋੜਨ ਵਿੱਚ ਕਾਮਯਾਬ ਹੋਈ ਹੈ। ਵੰਡੀਆਂ ਖੇਪਾਂ ਫੜੀਆਂ ਜਾ ਰਹੀਆਂ ਹਨ। ਨਸ਼ੇ ਦੀ ਕਮਾਈ ਨਾਲ ਬਣਾਏ ਘਰ ਢਾਹ ਕੇ ਸਮਾਜ ਵਿੱਚ ਨੇਕ ਕਮਾਈ ਕਰਨ ਲਈ ਉਦਾਹਰਨ ਪੇਸ਼ ਕੀਤੀ ਜਾ ਰਹੀ ਹੈ।























