

ਮਾਨਸਾ, 30,ਮਾਰਚ(ਸਾਰਾ ਯਹਾ,(ਬਲਜੀਤ ਸ਼ਰਮਾ) : ਜ਼ਿਲਾ ਪ੍ਰਸ਼ਾਸ਼ਨ ਵੱਲੋਂ ਚਲਾਏ ਗਏ ‘ਸ਼ਨੀਵਾਰ ਸ਼੍ਰਮਦਾਨ ਮਿਸ਼ਨ’ ਦਾ ਦੂਜਾ ਹਫ਼ਤਾ ਵੀ ਸਫਲਤਾਪੂਰਵਕ ਰਿਹਾ। ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਸਮੇਤ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਇਸ ਵਾਰ ਵੀ ਬੜੇ ਉਤਸ਼ਾਹ ਨਾਲ ਸ਼ਹਿਰ ਦੀ ਸਫਾਈ ਵਿਚ ਹਿੱਸਾ ਪਾਇਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ 6 ਹਫ਼ਤਿਆਂ ਲਈ ਚਲਾਈ ਗਈ ਇਹ ਸਫਾਈ ਮੁਹਿੰਮ ਲੋਕਾਂ ਵਿਚ ਸ਼ਹਿਰ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਨਾਸ੍ਰੋਤ ਹੈ। ਉਨਾਂ ਕਿਹਾ ਕਿ ਹਰ ਆਮ ਅਤੇ ਖਾਸ ਨੂੰ ਬੇਝਿਜਕ ਵਾਤਾਵਰਣ ਅਤੇ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜਿੱਥੇ ਬਿਮਾਰੀਆਂ ਫੈਲਣ ਦਾ ਖਤਰਾ ਨਹੀਂ ਰਹੇਗਾ ਓਥੇ ਹੀ ਸ਼ਹਿਰ ਦੀ ਸੁੰਦਰਤਾ ਵਿਚ ਵੀ ਯੋਗਦਾਨ ਪਵੇਗਾ। ਉਨਾਂ ਨਾਲ ਹੀ ਕਿਹਾ ਕਿ ਹਰ ਨਾਗਰਿਕ ਨੂੰ ਕੂੜਾ ਖੁੱਲੇਆਮ ਸੁੱਟਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਜੇਕਰ ਅਜਿਹਾ ਹੋਵੇਗਾ ਤਾਂ ਸਫ਼ਾਈ ਕਰਨ ਦੀ ਲੋੜ ਵੀ ਘੱਟ ਪਵੇਗੀ। ਉਨਾਂ ਲੋਕਾਂ ਨੂੰ ਇਸ ਮਿਸ਼ਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ।

ਅੱਜ ਤੜਕਸਾਰ ਹੀ ਜ਼ਿਲਾ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਨੇ ਸਰਕਾਰੀ ਕਰਮਚਾਰੀਆਂ ਨਾਲ ਮਿਲ ਕੇ ਸ਼੍ਰਮਦਾਨ ਮਿਸ਼ਨ ਦੇ ਦੂਜੇ ਸ਼ਨੀਵਾਰ ਸਫ਼ਾਈ ਮੁਹਿੰਮ ਜਾਰੀ ਰੱਖੀ, ਜਿਸ ਵਿਚ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਰੇਲਵੇ ਫਾਟਕ ਤੋਂ ਥਾਣਾ ਸਿਟੀ-1 ਤੱਕ, ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਰੇਲਵੇ ਸਟੇਸ਼ਨ ਤੋਂ ਸੰਤੋਸ਼ੀ ਮਾਤਾ ਮੰਦਿਰ ਤੱਕ ਅਤੇ ਇਸ ਤੋਂ ਇਲਾਵਾ ਬਾਕੀ ਅਧਿਕਾਰੀਆਂ ਨੇ ਵੀ ਇਲਾਕਿਆਂ ਦੀ ਵੰਡ ਅਨੁਸਾਰ ਰੇਲਵੇ ਲਾਈਨ ਤੋਂ ਪਾਰ ਰੇਲਵੇ ਸਟੇਸ਼ਨ ਵਾਲੇ ਏਰੀਏ ਦੀ ਸਫਾਈ ਕੀਤੀ। ਕੂੜਾ ਇਕੱਠਾ ਕਰਨ ਲਈ ਬੈਗ, ਝਾੜੂ, ਰੇਹੜੀਆਂ, ਟਰਾਲੀਆਂ ਅਤੇ ਹੋਰ ਲੋੜੀਂਦਾ ਸਮਾਨ ਮਿਊਂਸਪਲ ਕਾਊਂਸਲ ਵੱਲੋਂ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫ਼ਾਫੇ ਨਾ ਵਰਤਣ ਦੀ ਹਦਾਇਤ ਕੀਤੀ ਗਈ ਅਤੇ ਨਾਲ ਹੀ ਨਾਜਇਜ਼ ਕਬਜ਼ੇ ਹਟਾਉਣ ਲਈ ਵੀ ਕਿਹਾ ਗਿਆ।
ਸ਼੍ਰਮਦਾਨ ਮਿਸ਼ਨ ਵਿਚ ਸਹਾਇਕ ਕਮਿਸ਼ਨਰ ਸ਼੍ਰੀ ਨਵਦੀਪ ਕੁਮਾਰ, ਐਸ.ਡੀ.ਐਮ ਮਾਨਸਾ ਸ੍ਰੀ ਅਭਿਜੀਤ ਕਪਲਿਸ਼, ਐਸ.ਡੀ.ਐਮ ਸਰਦੂਲਗੜ ਸ੍ਰੀ ਲਤੀਫ ਅਹਿਮਦ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
























