

ਮਾਨਸਾ, 07 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ ) : ਆਗਾਮੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਯੋਗਤਾ ਮਿਤੀ 1 ਜਨਵਰੀ 2022 ਦੇ ਅਧਾਰ ’ਤੇ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਅੰਤਿਮ ਪ੍ਰਕਾਸ਼ਨਾਂ ਦੇ ਅਨੁਸਾਰ ਜ਼ਿਲ੍ਹੇ ਅੰਦਰ ਕੁੱਲ 5 ਲੱਖ 92 ਹਜ਼ਾਰ 838 ਵੋਟਰ ਹਨ ਅਤੇ ਕੁੱਲ 645 ਪੋÇਲੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਚੋਣ ਹਲਕਾ 96-ਮਾਨਸਾ ਵਿੱਚ ਕੁੱਲ 2 ਲੱਖ 17 ਹਜ਼ਾਰ 619 ਵੋਟਰ ਹਨ ਅਤੇ 223 ਪੋÇਲੰਗ ਸਟੇਸ਼ਨ ਬਣਾਏ ਗਏ ਹਨ। ਇਸੇ ਤਰ੍ਹਾਂ ਚੋਣ ਹਲਕਾ 97-ਸਰਦੂਲਗੜ੍ਹ ਵਿੱਚ ਕੁੱਲ 1 ਲੱਖ 80 ਹਜ਼ਾਰ 882 ਵੋਟਰ ਹਨ ਅਤੇ 206 ਪੋÇਲੰਗ ਸਟੇਸ਼ਨ ਬਣਾਏ ਗਏ ਹਨ। ਇਸ ਤੋਂ ਇਲਾਵਾ ਚੋਣ ਹਲਕਾ 98-ਬੁਢਲਾਡਾ (ਅ.ਜ.) ਵਿੱਚ 1 ਲੱਖ 94 ਹਜ਼ਾਰ 337 ਵੋਟਰ ਹਨ ਅਤੇ ਕੁੱਲ 216 ਪੋÇਲੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਅੰਤਿਮ ਪ੍ਰਕਾਸ਼ਿਤ ਕੀਤੀ ਵੋਟਰ ਸੂਚੀ ਦੀ ਆਪਣੇ ਪੱਧਰ ’ਤੇ ਜਾਂ ਆਪਣੇ ਵਰਕਰਾਂ ਰਾਹੀਂ ਮੁਕੰਮਲ ਪੜਤਾਲ ਕਰਵਾ ਲਈ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਇਸ ਵਿੱਚ ਕਿਸੇ ਕਿਸਮ ਦੀ ਕੋਈ ਵੀ ਤਰੁੱਟੀ ਸਾਹਮਣੇ ਆਉਂਦੀ ਹੈ ਤਾਂ ਇਹ ਤੁਰੰਤ ਸੰਬਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਇਸ ਦਫ਼ਤਰ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਵੋਟਰ ਸ਼ਨਾਖ਼ਤੀ ਕਾਰਡ ਉਪਲਬੱਧ ਹੈ, ਪ੍ਰੰਤੂ ਉਸਦੀ ਵੋਟ ਮੌਜੂਦਾ ਵੋਟਰ ਸੂਚੀ ਵਿੱਚ ਦਰਜ ਨਹੀਂ ਹੈ ਤਾਂ ਉਸਨੂੰ ਚੋਣਾਂ ਵਿੱਚ ਵੋਟ ਪਾਉਣ ਦੀ ਆਗਿਆ ਨਹੀਂ ਹੋਵੇਗੀ। ਇਸ ਲਈ ਮੌਜੂਦਾ ਵੋਟਰ ਸੂਚੀ ਵਿੱਚ ਆਪਣਾ ਨਾਮ ਅਤੇ ਆਪਣੀ ਪਾਰਟੀ ਦੇ ਸੰਭਾਵੀ ਉਮੀਦਵਾਰਾਂ ਦਾ ਨਾਮ ਚੈੱਕ ਕਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਯੋਗ ਵਿਅਕਤੀ ਦਾ ਨਾਮ ਮੌਜੂਦਾ ਵੋਟਰ ਸੂਚੀ ਵਿੱਚ ਉਪਲਬਧ ਨਹੀਂ ਹੈ ਤਾਂ ਉਹ ਤੁਰੰਤ ਫਾਰਮ ਨੰਬਰ 6 ਭਰ ਕੇ ਸਬੰਧਤ ਚੋਣਕਾਰ ਰਜਿਸਟੇ੍ਰਸ਼ਨ ਅਫ਼ਸਰ ਜਾਂ ਬੂਥ ਲੈਵਲ ਅਫ਼ਸਰ ਕੋਲ ਜਮ੍ਹਾਂ ਕਰਵਾ ਦੇਣ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਲੋਕਾਂ ਨੂੰ ਸਵੀਪ ਗਤੀਵਿਧੀਆਂ ਰਾਹੀਂ ਵੋਟ ਦੀ ਮਹੱਤਤਾ ਅਤੇ ਅਧਿਕਾਰ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ।






















