

ਮਾਨਸਾ 3 ਮਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਪੰਜਾਬ ਸਰਕਾਰ ਨੂੰ ਸੱਥਾਂ, ਚੌਰਾਹਿਆਂ ਚ ਘੇਰ ਕੇ ਸਵਾਲ ਕਰਨ ਵਾਲੇ ਕਿਸਾਨਾਂ ਨੂੰ ਅੱਜ ਮਾਨਸਾ ਦੀ ਪੁਲੀਸ ਨੇ ਉਸ ਵੇਲੇ ਹਿਰਾਸਤ ਚ ਲੈ ਲਿਆ, ਜਦੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਘੇਰਨ ਲਈ ਕਿਸਾਨ ਪਿੰਡ ਜਵਾਹਰਕੇ ਵਿਖੇ ਇਕੱਠੇ ਹੋਏ। ਕਿਸਾਨਾਂ ਨੂੰ ਵਿੱਤ ਮੰਤਰੀ ਨੂੰ ਘੇਰਕੇ ਸਵਾਲ ਕਰਨੇ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਨੀਵਾਰ ਨੂੰ ਮਾਨਸਾ ਵਿਖੇ ਇਕ ਯੁੱਗ ਨਸ਼ਿਆਂ ਵਿਰੁੱਧ ਸਮਾਗਮ ਚ ਸ਼ਿਰਕਤ ਕਰਨੀ ਸੀ। ਕਿਸਨ ਆਗੂ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਉਨਾਂ ਵਿੱਤ ਮੰਤਰੀ ਨੂੰ ਘੇਰਕੇ ਸਵਾਲ ਕਰਨੇ ਸਨ, ਪਰ ਸਰਕਾਰ ਇੰਨਾਂ ਸਵਾਲਾਂ ਤੋਂ ਭੱਜ ਰਹੀ ਹੈ। ਇਸ ਲਈ ਸਰਕਾਰ ਨੇ ਪੁਲਸ ਭੇਜ ਕੇ 40 ਦੇ ਕਰੀਬ ਕਿਸਾਨਾਂ ਨੂੰ ਹਿਰਾਸਤ ਵਿਚ ਲੈ ਲਿਆ। ਕੁਝ ਨੂੰ ਥਾਣਾ ਕੋਟਧਰਮੂ ਤੇ ਕੁਝ ਨੂੰ ਹੋਰਨਾਂ ਥਾਂਵਾਂ ਤੇ ਡੱਕ ਦਿੱਤਾ। ਉਨਾਂ ਕਿਹਾ ਕਿ ਸਰਕਾਰ ਬੇਸ਼ੱਕ ਕੁਝ ਵੀ ਕਰ ਲਵੇ, ਸਰਕਾਰ ਨੂੰ ਘੇਰਕੇ ਸਵਾਲ ਕਰਨ ਦਾ ਸਿਲਸਿਲਾ ਐਵੇਂ ਹੀ ਜਾਰੀ ਰਹੇਗਾ।























