

ਚੰਡੀਗੜ੍ਹ(ਸਾਰਾ ਯਹਾ): ਸਿੱਖ ਭਾਈਚਾਰੇ ਵੱਲੋਂ ਵਿਰੋਧ ਕਰਨ ਦੇ ਬਾਵਜੂਦ ਦਿਆਲ ਸਿੰਘ ਕਾਲਜ (ਈਵਨਿੰਗ) ਦੀ ਪ੍ਰਬੰਧਕ ਕਮੇਟੀ ਨੇ ਕਾਲਜ ਦਾ ਨਾਂ ਚੁੱਪ-ਚੁਪੀਤੇ ਬਦਲ ਕੇ ‘ਵੰਦੇ ਮਾਤਰਮ ਦਿਆਲ ਸਿੰਘ ਕਾਲਜ, ਯੂਨੀਵਰਸਿਟੀ ਆਫ ਦਿੱਲੀ’ ਰੱਖ ਦਿੱਤਾ ਹੈ। ਇਸ ਨਾਂ ਦਾ ਬੈਨਰ ਕਾਲਜ ਵਿੱਚ 25 ਅਪਰੈਲ ਨੂੰ ਹੋਏ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਲਾਇਆ ਗਿਆ ਸੀ। ਪਿਛਲੇ ਸਾਲ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੀ ਤਜਵੀਜ਼ ਤੋਂ ਭਾਰੀ ਵਿਵਾਦ ਛਿੜ ਗਿਆ ਸੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਲਜ ਪ੍ਰਬੰਧਕ ਕਮੇਟੀ ਦੀ ਇਸ ਹਰਕਤ ਨੂੰ ਨਿੰਦਿਆ ਹੈ। ਉਨ੍ਹਾਂ ਵਾਰ-ਵਾਰ ਕਾਲਜ ਦਾ ਨਾਂ ਬਦਲਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਖਿਲਾਫ ਸਰਕਾਰ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ ਸੰਸਦ ਵਿੱਚ ਮਨੁੱਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਦੇ ਸਪੱਸ਼ਟ ਲਫ਼ਜਾਂ ਵਿੱਚ ਕਾਲਜ ਦਾ ਨਾਂ ਦਿਆਲ ਸਿੰਘ ਕਾਲਜ ਹੀ ਰੱਖਣ ਦਾ ਭਰੋਸਾ ਦੇਣ ਤੋਂ ਬਾਅਦ ਵੀ ਕਾਲਜ ਦੇ ਨਾਂ ਨਾਲ ਛੇੜ-ਛਾੜ ਕਰਨੀ ਸੰਸਦ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਕਾਲਜ ਕਮੇਟੀ ਦੇ ਚੇਅਰਮੈਨ ਅਮਿਤਾਭ ਸਿਨ੍ਹਾ ਇਸ ਮਾਮਲੇ ਵਿੱਚ ਦੋਸ਼ੀ ਹਨ ਤੇ ਸਰਕਾਰ ਉਸ ਨੂੰ ਅਹੁਦੇ ਤੋਂ ਤੁਰੰਤ ਬਰਖਾਸਤ ਕਰੇ।
First Published By : Sara Yaha Punjabi News























