

ਫ਼ਗਵਾੜਾ- 20 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਸਿਹਤ ਵਿਭਾਗ ਜਲੰਧਰ ਟੀ.ਬੀ.ਦੇ ਖਾਤਮੇ ਲਈ 100 ਦਿਨਾਂ ਦੀ ਟੀਬੀ ਮੁਹਿੰਮ ਦੌਰਾਨ ਲਗਾਤਾਰ ਯਤਨਸ਼ੀਲ ਹੈ।ਇਸਦੇ ਮੱਦੇਨਜਰ ਹਲਕਾ ਸੈਂਟਰ ਦੇ ਵਿਧਾਇਕ ਸ੍ਰੀ ਰਮਨ ਅਰੋੜਾ ਵੱਲੋਂ ਜਿਲ੍ਹਾ ਟੀ.ਬੀ.ਕੇਂਦਰ ਜਲੰਧਰ ਵਿਖੇ ਨਿਊਟਰੀਸ਼ਨ ਕਿੱਟ ਵੰਡ ਸਮਾਰੋਹ ਦੌਰਾਨ ਸਿਵਲ ਸਰਜਨ ਡਾ. ਗੁਰਮੀਤ ਲਾਲ,ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ.ਰਮਨ ਗੁਪਤਾ, ਹੈਮਕੋ ਚੈਰੀਟੇਬਲ ਟ੍ਰਸਟ ਦੇ ਸ਼ਾਂਤ ਗੁਪਤਾ ਅਤੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵਕ ਪਰਮਿੰਦਰ ਬਹਿਲ ਦੇ ਨਾਲ ਟੀ.ਬੀ.ਮਰੀਜਾਂ ਨੂੰ ਨਿਊਟਰੀਸ਼ਨ ਕਿੱਟਾਂ ਵੰਡੀਆਂ ਗਈਆਂ।ਸਿਵਲ ਸਰਜਨ ਡਾ.ਗੁਰਮੀਤ ਲਾਲ ਨੇ ਸਮਾਰੋਹ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਪਹੁੰਚੇ ਵਿਧਾਇਕ ਸ੍ਰੀ ਰਮਨ ਅਰੋੜਾ ਅਤੇ ਉਨ੍ਹਾਂ ਨਾਲ ਆਏ ਹੋਏ ਪਤਵੰਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਟੀ.ਬੀ.ਦੇ ਖਾਤਮੇ ਲਈ 07 ਦਸੰਬਰ 2024 ਤੋਂ ਚੱਲ ਰਹੇ 100 ਦਿਨਾਂ ਦੇ ਟੀ.ਬੀ.ਅਲੀਮਿਨੇਸ਼ਨ ਪ੍ਰੋਗਰਾਮ ਤਹਿਤ ਟੀ.ਬੀ. ਦੇ ਮਰੀਜਾਂ ਦੀ ਪਹਿਚਾਣ ਤੇ ਇਲਾਜ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਦੇ ਮੱਦੇਨਜ਼ਰ ਨਿ-ਕਸ਼ੇ ਮਿੱਤਰਾ ਸ੍ਰੀ ਸ਼ਾਂਤ ਗੁਪਤਾ ਜੀ ਵੱਲੋਂ ਟੀ.ਬੀ. ਦੇ ਮਰੀਜਾਂ ਨੂੰ ਅਡਾਪਟ ਕੀਤਾ ਗਿਆ ਹੈ ਅਤੇ ਜਿਸ ਲਈ ਮਰੀਜ ਦੇ ਇਲਾਜ ਦੌਰਾਨ ਉਹ ਮਰੀਜਾਂ ਨੂੰ ਨਿਊਟਰੀਸ਼ਨ ਕਿੱਟਾਂ ਮੁਹੱਈਆ ਕਰਵਾ ਰਹੇ ਹਨ। ਉਨ੍ਹਾ ਕਿਹਾ ਕਿ ਨਿਯਮਤ ਦਵਾਈ ਅਤੇ ਚੰਗੀ ਖੁਰਾਕ ਹੀ ਟੀ.ਬੀ. ਤੋਂ ਬਚਾਅ ਲਈ ਅਸਲ ਕੁੰਜੀ ਹੈ। ਸ਼ਰੀਰ ਦੀ ਰੋਗਾਂ ਨਾਲ ਲੜਨ ਦੀ ਸਮਰਥਾ ਨੂੰ ਵਧਾਉਣ ਲਈ ਪੋਸ਼ਟਿਕ ਖੁਰਾਕ, ਰੋਜਾਨਾ ਵਰਜਿਸ਼ ਤੇ ਸੈਰ ਜਰੂਰ ਕਰਨੀ ਚਾਹੀਦੀ ਹੈ। ਸ੍ਰੀ ਰਮਨ ਅਰੋੜਾ ਵੱਲੋਂ ਸਿਹਤ ਵਿਭਾਗ ਦੀ ਟੀ.ਬੀ.ਦੇ ਖਾਤਮੇ ਲਈ ਚਲਾਈ ਜਾ ਰਹੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਟੀ.ਬੀ. ਅਲੀਮਿਨੇਸ਼ਨ ਪ੍ਰੋਗਰਾਮ ਤਹਿਤ 2025 ਦੇ ਅੰਤ ਤੱਕ ਟੀ.ਬੀ. ਦੇ ਖਾਤਮੇ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਇਸ ਉਪਰੰਤ ਸਿਵਲ ਸਰਜਨ ਵੱਲੋਂ ਟੀਬੀ ਮਰੀਜਾਂ ਨੂੰ ਨਿਊਟਰੀਸ਼ਨ ਕਿੱਟਾਂ ਦੇਣ ਲਈ ਹੈਮਕੋ ਚੈਰੀਟੇਬਲ ਟ੍ਰਸਟ ਦੇ ਸ਼ਾਂਤ ਗੁਪਤਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਹੋਰ ਸੰਸਥਾਵਾਂ ਨੂੰ ਵੀ 100 ਦਿਨਾਂ ਦੀ ਟੀਬੀ ਮੁਹਿੰਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਟੀ.ਬੀ.ਅਫ਼ਸਰ ਡਾ.ਰੀਤੂ ਦਾਦਰਾ,ਡਾ.ਰਘੂ ਸੱਭਰਵਾਲ ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ,ਰੈੱਡ ਕ੍ਰਾਸ ਸੋਸਾਇਟੀ ਦੇ ਮੈਂਬਰ ਅਤੇ ਸਮੂਹ ਐਨ.ਟੀ.ਈ.ਪੀ.ਸਟਾਫ ਮੌਜੂਦ ਸੀ।























