

ਬੁਢਲਾਡਾ/ਮਾਨਸਾ, 17 ਮਈ (ਸਾਰਾ ਯਹਾਂ/ਅਮਨ ਮਹਿਤਾ): ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਸਿੱਖਿਆ ਕਰਾਂਤੀ ਤਹਿਤ ਸਕੂਲਾਂ ਅੰਦਰ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਵਧੀਆ ਸਿੱਖਿਆ ਦੇ ਨਾਲ ਨਾਲ ਸੋਹਣਾ ਵਾਤਾਵਰਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਹਲਕਾ ਬੁਢਲਾਡਾ ਦੇ ਸਰਕਾਰੀ ਸਕੂਲਾਂ *ਚ 78.76 ਲੱਖ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ।
ਵਿਧਾਇਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ ਕਾਹਨਗੜ੍ਹ ਵਿਖੇ 13.59 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਮੇਨ ਕਾਹਨਗੜ੍ਹ ਵਿਖੇ 19.66 ਲੱਖ, ਸਰਕਾਰੀ ਸੈਕੰਡਰੀ ਸਕੂਲ ਕਾਹਨਗੜ੍ਹ ਵਿਖੇ 14.64 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਵਿਖੇ 24 ਲੱਖ, ਸਰਕਾਰੀ ਹਾਈ ਸਕੂਲ ਦਿਆਲਪੁਰਾ ਵਿਖੇ 30.87 ਲੱਖ ਦੀ ਲਾਗਤ ਨਾਲ ਮੁਕੰਮਲ ਹੋਏ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਵਿਧਾਇਕ ਨੇ ਕਿਹਾ ਕਿ ਲੱਖਾਂ ਰੁਪਏ ਦੀਆਂ ਗਰਾਂਟਾ ਨਾਲ ਸਕੂਲਾਂ ਅੰਦਰ ਸਮਾਰਟ ਕਲਾਸਰੂਮ, ਲਾਇਬ੍ਰੇਰੀਆਂ, ਲੜਕੀਆਂ ਲਈ ਪਖ਼ਾਨੇ, ਚਾਰਦੀਵਾਰੀਆਂ ਦੀ ਉਸਾਰੀ, ਵਿਦਿਆਰਥੀਆਂ ਲਈ ਵਰਦੀਆਂ, ਕਮਰਿਆਂ ਦਾ ਨਵੀਨੀਕਰਨ ਅਤੇ ਹੋਰ ਲੋੜੀਂਦੇ ਕੰਮ ਮੁਕੰਮਲ ਕਰਵਾਏ ਗਏ ਹਨ। ਇਸ ਤੋਂ ਇਲਾਵਾ ਸਕੂਲਾਂ ਨੂੰ ਬੈਸਟ ਸਕੂਲ ਦੇ ਆਧਾਰ *ਤੇ ਸਪੈਸ਼ਲ ਗਰਾਂਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਸਕੂਲ ਮੁਖੀ ਗੁਰਵਿੰਦਰ ਸਿੰਘ, ਹਰਮੀਤ ਸਿੰਘ, ਕ੍ਰਿਸ਼ਨ ਸਿੰਘ, ਕੁਲਵਿੰਦਰ ਸਿੰਘ, ਅਨੀਤਾ, ਚੇਅਰਮੈਨ ਸੀ.ਐਮ.ਸੀ. ਲਾਲ ਸਿੰਘ, ਅਮਰਜੀਤ ਸਿੰਘ, ਡਾ. ਬਲਵੀਰ ਸਿੰਘ ਅਤੇ ਗੁਰਦਾਸ ਸਿੰਘ, ਪਿਆਰਾ ਸਿੰਘ ਗੁਰਨੇ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।























