*ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨਾਲ ਗੁਜ਼ਾਰਿਆ ਉਸਾਰੂ ਸਮਾਂ*

0
26

ਮਾਨਸਾ, 22 ਦਸੰਬਰ  (ਸਾਰਾ ਯਹਾਂ/ਮੁੱਖ ਸੰਪਾਦਕ) :  ਸਕੂਲੀ ਵਿਦਿਆਰਥੀਆਂ ਦੇ ਵਿਦਿਅਕ ਅਨੁਭਵ ਵਿੱਚ ਵਾਧਾ ਕਰਨ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਬਾਰੇ ਜਾਣੂ ਕਰਾਉਣ ਲਈ ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਐਕਸਪੋਜ਼ਰ ਵਿਜ਼ਟ ਕਰਵਾਈ ਗਈ ਜਿਸ ਤਹਿਤ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ ਏ ਐੱਸ ਨਾਲ ਸਿੱਧੀਆਂ ਗੱਲਾਂ ਕੀਤੀਆਂ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ ਨਾਲ ਜ਼ਿੰਦਗੀ ਵਿਚ ਸਫ਼ਲ ਹੋਣ ਦੇ ਗੁਰ ਹਾਸਲ ਕੀਤੇ।

       ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਦਰਜਨ ਨੇ ਕਰੀਬ ਵਿਦਿਆਰਥੀਆਂ ਨੇ ਅੱਜ ਆਪਣੇ ਅਧਿਆਪਕਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦਾ ਦੌਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ, ਵਿਕਾਸ ਪ੍ਰੋਜੈਕਟਾਂ, ਆਉਣ ਵਾਲੇ ਸਮੇਂ ਲਈ ਰੂਪ ਰੇਖਾ ਤੋਂ ਜਾਣੂੰ ਕਰਵਾਇਆ, ਓਥੇ ਓਨ੍ਹਾਂ ਨੂੰ ਦਿਲੋਂ ਮਿਹਨਤ ਕਰਨ ਅਤੇ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਆ।

ਓਨ੍ਹਾਂ ਕਿਹਾ, “ਕੋਈ ਵੀ ਕੰਮ ਹੋਵੇ, ਪੂਰੀ ਰੂਹ ਨਾਲ ਅਤੇ ਖੁਸ਼ੀ ਨਾਲ ਕਰੋ ਤਾਂ ਹੀ ਤੁਸੀ ਸਫ਼ਲਤਾ ਹਾਸਲ ਕਰ ਸਕੋਗੇ। ਭਾਵੇਂ ਮਾਪੇ, ਅਧਿਆਪਕ, ਸਮਾਜ, ਕਿਤਾਬਾਂ ਸਾਡੀ ਪ੍ਰੇਰਨਾ ਬਣਦੇ ਹਨ ਪਰ ਸਭ ਤੋਂ ਵੱਡੀ ਪ੍ਰੇਰਨਾ ਤੁਹਾਡੀ ਆਪਣੀ ਅੰਦਰਲੀ ਆਵਾਜ਼ ਹੈ। ਤੁਸੀ ਖੁਦ ਨੂੰ ਲਗਾਤਾਰ ਮਿਹਨਤ ਕਰਨ ਅਤੇ ਖੁਸ਼ ਰਹਿਣ ਲਈ ਪ੍ਰੇਰਿਤ ਕਰੋ। ਚਾਹੇ ਇਨਸਾਨ ਗਲਤੀਆਂ ਵੀ ਕਰਦਾ ਹੈ ਪਰ ਗਲਤੀ ਤੋਂ ਸਬਕ ਜ਼ਰੂਰ ਲਓ ਅਤੇ ਅੱਗੇ ਵਧਦੇ ਜਾਓ।”

     ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨਿਕ ਸੇਵਾਵਾਂ ਦੇ ਤਜਰਬੇ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਓਨ੍ਹਾਂ ਕਿਹਾ ਕਿ ਕੋਈ ਵੀ ਖੇਤਰ ਹੋਵੇ, ਲਗਾਤਾਰ ਸਿੱਖਦੇ ਰਹਿਣਾ ਚਾਹੀਦਾ ਹੈ।

  ਇਸ ਮੌਕੇ ਵਿਦਿਆਰਥੀਆਂ ਨੇ ਆਈ ਏ ਐੱਸ (ਅੰਡਰ ਟ੍ਰੇਨਿੰਗ) ਗੁਰਲੀਨ ਕੌਰ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਪ੍ਰਸ਼ਾਸਨਿਕ ਸੇਵਾਵਾਂ ਬਾਰੇ ਜਾਣੂੰ ਕਰਵਾਇਆ। ਇਸ ਮਗਰੋਂ ਓਨ੍ਹਾਂ ਨੇ ਐੱਸ ਐੱਸ ਪੀ ਦਫ਼ਤਰ, ਸਾਈਬਰ ਕ੍ਰਾਈਮ ਬ੍ਰਾਂਚ, ਯੂਥ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ।

LEAVE A REPLY

Please enter your comment!
Please enter your name here