

ਸ਼ਾਹਕੋਟ (ਸਾਰਾ ਯਹਾ) — ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਾਹਕੋਟ ਦੇ ਕਾਨੂੰਨਗੋ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਾਹਕੋਟ ਦੇ ਕਾਨੂੰਨਗੋ ਸਰੂਪ ਸਿੰਘ ਦੇ ਕੋਲ ਦੋ ਧਿਰਾਂ ਦੇ ਪਾਰਟੀਸ਼ਨ ਦਾ ਕੇਸ ਪੈਂਡਿੰਗ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਸਮੇਂ ਤੋਂ ਮਾਮਲੇ ਨੂੰ ਲਟਕਾ ਰਿਹਾ ਸੀ। ਦੋਸ਼ ਹੈ ਕਿ ਸਰੂਪ ਸਿੰਘ ਨੇ ਪਾਰਟੀਸ਼ਨ ਕੇਸ ‘ਚ ਜਲਦੀ ਕਾਰਵਾਈ ਲਈ ਇਕ ਧਿਰ ਕੋਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਸਰੂਪ ਸਿੰਘ ਤੋਂ ਪਰੇਸ਼ਾਨ ਪੜੀਤ ਪੱਖ ਨੇ ਵਿਜੀਲੈਂਸ ਬਿਊਰੋ ਦੇ ਐੱਸ. ਐੱਸ. ਪੀ. ਦਿਲਜਿੰਦਰ ਸਿੰਘ ਢਿੱਲੋਂ ਨੂੰ ਸ਼ਿਕਾਇਤ ਦਿੱਤੀ।
ਇਸ ਤੋਂ ਬਾਅਦ ਐੱਸ. ਐੱਸ. ਪੀ. ਦਿਲਜਿੰਦਰ ਸਿੰਘ ਢਿੱਲੋਂ ਦੇ ਨਿਰਦੇਸ਼ਾਂ ‘ਤੇ ਡੀ. ਐੱਸ. ਪੀ. ਵਿਜੀਲੈਂਸ ਸਤਪਾਲ ਸਿੰਘ ਦੀ ਟੀਮ ਨੇ ਅੱਜ ਸਵੇਰੇ ਟ੍ਰੈਪ ਲਗਾਇਆ। ਪਤਾ ਲੱਗਾ ਹੈ ਕਿ ਡੀ. ਐੱਸ. ਪੀ. ਵਿਜੀਲੈਂਸ ਸਤਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪੀੜਤ ਪੱਖ ਨੂੰ ਰੰਗ ਲੱਗੇ 10 ਹਜ਼ਾਰ ਰੁਪਏ ਦਿੱਤੇ। ਅੱਜ ਦੁਪਹਿਰ ਨਿਰਧਾਰਿਤ ਸਥਾਨ ‘ਤੇ ਜਦੋਂ ਕਾਨੂੰਨਗੋ ਸਰੂਪ ਸਿੰਘ ਨੇ ਪੀੜਤ ਪੱਖ ਤੋਂ 10 ਹਜ਼ਾਰ ਰੁਪਏ ਰਿਸ਼ਵਤ ਲਈ ਤਾਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਰੇਡ ਕਰ ਦਿੱਤੀ। ਵਿਜੀਲੈਂਸ ਟੀਮ ਨੇ ਮੌਕੇ ‘ਤੇ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ ਕਾਨੂੰਨਗੋ ਸਰੂਪ ਸਿੰਘ ਤੋਂ ਰਿਸ਼ਵਤ ਦੇ 10 ਹਜ਼ਾਰ ਰੁਪਏ ਬਰਾਮਦ ਕੀਤੇ। ਕਾਨੂੰਨਗੋ ਸਰੂਪ ਸਿੰਘ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਟ੍ਰੈਪ ਦੀ ਸੂਚਨਾ ਰੈਵਿਨਿਊ ਅਧਿਕਾਰੀਆਂ ਨੂੰ ਦਿੱਤੀ ਗਈ ਹੈ।
EDITED BY : SARA YAHA | | Last Updated : 7:25 pm 03 October 2018























