

ਨਵੀਂ ਦਿੱਲੀ (ਸਾਰਾ ਯਹਾ ): ਘਾਟੀ ‘ਚ ਲਗਾਤਾਰ ਸਪੈਸ਼ਲ ਪੁਲਿਸ ਅਫ਼ਸਰ ਯਾਨੀ ਐਸਪੀਓ ਦੇ ਜਵਾਨ ਅਸਤੀਫੇ ਦੇ ਰਹੇ ਹਨ। ਜਵਾਨਾਂ ਵੱਲੋਂ ਅਸਤੀਫੇ ਵਾਲੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪਾਈਆਂ ਜਾ ਰਹੀਆਂ ਹਨ। ਵੀਰਵਾਰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ‘ਚ ਅੱਤਵਾਦੀਆਂ ਨੇ ਤਿੰਨ ਪੁਲਿਸ ਕਰਮੀਆਂ ਨੂੰ ਅਗਵਾ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਜਾਣਕਾਰੀ ਮੁਤਾਬਕ ਖੌਫ ਦੀ ਵਜ੍ਹਾ ਨਾਲ ਹੁਣ ਤਕ ਐਸਪੀਓ ਦੇ 35 ਜਵਾਨ ਅਸਤੀਫੇ ਦੇ ਚੁੱਕੇ ਹਨ।
ਗ੍ਰਹਿ ਮੰਤਰੀ ਨੇ ਦੱਸਿਆ ਅੱਤਵਾਦੀਆਂ ਦਾ ਪ੍ਰੋਪੇਗੰਡਾ:
ਹਾਲਾਂਕਿ ਗ੍ਰਹਿ ਮੰਤਰਾਲੇ ਤੇ ਸਥਾਨਕ ਪੁਲਿਸ ਨੇ ਅਸਤੀਫੇ ਦੀ ਗੱਲ ਤੋਂ ਇਨਕਾਰ ਕਰਦਿਆਂ ਇਸ ਨੂੰ ਬੌਖਲਾਏ ਅੱਤਵਾਦੀਆਂ ਦਾ ਪ੍ਰੋਪੇਗੰਡਾ ਕਰਾਰ ਦਿੱਤਾ ਹੈ। ਮੀਡੀਆ ‘ਚ ਅਜਿਹੀਆਂ ਖ਼ਬਰਾਂ ਆਈਆਂ ਕਿ ਜੰਮੂ-ਕਸ਼ਮੀਰ ‘ਚ ਕੁਝ ਐਸਪੀਓ ਨੇ ਅਸਤੀਫਾ ਦਿੱਤਾ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਖ਼ਬਰਾਂ ਗਲਤ ਤੇ ਮਨਘੜਤ ਹਨ। ਇਹ ਖ਼ਬਰਾਂ ਝੂਠੇ ਪ੍ਰੋਪੇਗੰਡਾ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਗ੍ਰਹਿ ਮੰਤਰਾਲ ਨੇ ਸ਼ੁੱਕਰਵਾਰ ਕਿਹਾ ਕਿ ਇਹ ਰਿਪੋਰਟ ਸ਼ਰਾਰਤੀ ਤੱਤਾਂ ਦੇ ਗਲਤ ਪ੍ਰਚਾਰ ‘ਤੇ ਆਧਾਰਤ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਪੇਸ਼ੇਵਰ ਤੇ ਪ੍ਰਤੀਬੱਧ ਪੁਲਿਸ ਬਲ ਹੈ ਜੋ ਆਉਣ ਵਾਲੀਆਂ ਪੰਚਾਇਤ ਚੋਣਾਂ ਨਾਲ ਜੁੜੀਆਂ ਚੁਣੌਤੀਆਂ ਤੇ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਉੱਥੇ 30,000 ਤੋਂ ਵੱਧ ਐਸਪੀਓ ਹਨ ਤੇ ਸਮੇਂ-ਸਮੇਂ ‘ਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਸਮੀਖਿਆ ਕੀਤੀ ਜਾਂਦੀ ਹੈ।
ਮੰਤਰਾਲੇ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਅੱਤਵਾਦੀ ਬੈਕਫੁੱਟ ‘ਤੇ ਹਨ। ਇਸ ਸਾਲ ਇਕੱਲੇ ਸ਼ੋਪੀਆਂ ਜ਼ਿਲ੍ਹੇ ‘ਚ 28 ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ ਹੈ। ਬਿਆਨ ‘ਚ ਕਿਹਾ ਗਿਆ ਕਿ ਸੂਬਾ ਪੁਲਿਸ ਦੀ ਕਾਰਵਾਈ ਨਾਲ ਅੱਤਵਾਦੀ ਇਕ ਖੇਤਰ ‘ਚ ਸੀਮਤ ਕਰ ਦਿੱਤੇ ਗਏ ਹਨ ਜਿਸ ਤੋਂ ਉਹ ਨਿਰਾਸ਼ ਹਨ। ਪੁਲਿਸ ਮੁਤਾਬਕ ਤਿੰਨ ਪੁਲਿਸ ਕਰਮੀਆਂ ਨੂੰ ਦੱਖਣੀ ਕਸ਼ਮੀਰ ਦੇ ਸ਼ੋਪੀਆਂ ‘ਚ ਉਨ੍ਹਾਂ ਦੇ ਘਰਾਂ ‘ਚੋਂ ਅਗ਼ਵਾ ਕੀਤਾ ਗਿਆ ਸੀ ਤੇ ਹਿਜ਼ਬੁਲ ਮੁਜ਼ਾਹਦੀਨ ਵੱਲੋਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਸੀ।























