

ਭੀਖੀ, 21 ਅਪ੍ਰੈਲ (ਹੀਰਾ ਸਿੰਘ ਮਿੱਤਲ )- ਭੀਖੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ ਪੁਲਸ ਪਾਰਟੀ ਨੇ ਇਲਾਕੇ ਵਾਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆਂ ਡੀ.ਐੱਸ.ਪੀ.ਮਾਨਸਾ ਕਰਨਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਕੁੱਝ ਵਿਅਕਤੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਹਨ। ਭੀਖੀ ਪੁਲਸ ਦੇ ਏਐੱਸਆਈ ਗਮਦੂਰ ਸਿੰਘ ਨੇ ਪੁਲਸ ਪਾਰਟੀ ਸਮੇਤ ਸੁਨਾਮ ਰੋਡ ‘ਤੇ ਡਰੇਨ ਦੇ ਪੁਲ ਉੱਪਰ ਨਾਕਾ ਲਗਾ ਕੇ ਆ ਰਹੀ ਚਿੱਟੇ ਰੰਗ ਦੀ ਇੱਕ ਪੋਲੋ ਕਾਰ ਨੂੰ ਰੋਕਿਆ ਤਾਂ ਕਾਰ ਵਿੱਚ ਸਵਾਰ ਸੁਖਚੈਨ ਸਿੰਘ ਉਰਫ ਕਾਲਾ, ਲਵਪ੍ਰੀਤ ਸਿੰਘ ਉਰਫ ਲੱਭੀ ਵਾਸੀ ਧਲੇਵਾਂ, ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਬੀਰੋਕੇ ਖੁਰਦ ਅਤੇ ਹਰਪ੍ਰੀਤ ਸਿੰਘ ਉਰਫ ਨਾਗੀ ਵਾਸੀ ਦਾਤੇਵਾਸ, ਦੀ ਤਲਾਸ਼ੀ ਲੈਣ ‘ਤੇ ਇੱਕ ਪਿਸਤੌਲ 315 ਬੋਰ ਸਮੇਤ 2 ਜਿੰਦਾ ਰੌਂਦ, ਇੱਕ ਪਿਸਤੌਲ 32 ਬੋਰ ਸਮੇਤ 2 ਜਿੰਦਾ ਰੌਂਦ ਅਤੇ ਇੱਕ ਲੋਹੇ ਦੀ ਕਿਰਚ ਬਰਾਮਦ ਹੋਏ। ਪੁਲਸ ਨੇ ਉਕਤ ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਬਾਦ ਵਿੱਚ ਤਫਤੀਸ਼ ਕਰਨ ‘ਤੇ ਉਕਤ ਵਿਅਕਤੀਆਂ ਪਾਸੋਂ ਇੱਕ ਪੋਲੋ ਕਾਰ, ਇੱਕ ਵਰਨਾ ਕਾਰ, ਇੱਕ ਸਵਿਫਟ ਡਿਜ਼ਾਇਰ ਕਾਰ, ਇੱਕ ਮੋਟਰਸਾਇਕਲ ਅਤੇ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ।
ਭੀਖੀ ਪੁਲਸ ਮੁਤਾਬਿਕ ਉਕਤ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਕਰੀਬ ਢਾਈ ਮਹੀਨੇ ਪਹਿਲਾਂ ਭੀਖੀ ਦੇ ਇੱਕ ਸ਼ੈਲਰ ਮਾਲਕ ਹੈਪੀ ਕੁਮਾਰ ਪਾਸੋਂ ਇੱਕ ਸਵਿਫਟ ਕਾਰ, 15 ਹਜ਼ਾਰ ਰੁਪਏ ਨਕਦ ਅਤੇ ਇੱਕ ਮੋਬਾਇਲ ਦੀ ਖੋਹ ਕੀਤੀ ਸੀ ਅਤੇ ਬੁਢਲਾਡਾ ਵਿਖੇ ਸ਼ਰਾਬ ਠੇਕੇਦਾਰਾਂ ਦੇ ਕਰਮਚਾਰੀ ਦਰਸ਼ਨ ਕੁਮਾਰ ਕੋਲੋਂ 5 ਲੱਖ ਰੁਪਏ ਨਕਦ ਖੋਹੇ ਸਨ। ਥਾਣਾ ਮੁਖੀ ਅੰਗਰੇਜ ਸਿੰਘ ਹੁੰਦਲ ਨੇ ਦੱਸਿਆ ਕਿ ਉਕਤ ਵਿਅਕਤੀਆਂ ਦਾ ਮਾਣਯੋਗ ਅਦਾਲਤ ਪਾਸੋਂ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਜਿਸ ਦੌਰਾਨ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਪਾਸੋਂ ਹੋਰ ਵਾਰਦਾਤਾਂ ਟਰੇਸ ਹੋਣ ਅਤੇ ਲੁੱਟਿਆ ਹੋਇਆ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਲੋੜੀਂਦੇ ਗਗਨਪ੍ਰੀਤ ਸਿੰਘ ਉਰਫ ਗੱਗੀ ਵਾਸੀ ਰੱਲੀ, ਭੁਪਿੰਦਰ ਸਿੰਘ ਉਰਫ ਹੈਪੀ ਵਾਸੀ ਧਲੇਵਾਂ, ਸੁਖਦੀਪ ਸਿੰਘ ਉਰਫ ਵਿੱਕੀ ਵਾਸੀ ਖੀਵਾ ਖੁਰਦ ਅਤੇ ਰਾਜੂ ਵਾਸੀ ਚਹਿਲਾਂਵਾਲੀ ਅਜੇ ਫਰਾਰ ਹਨ ਜਿੰਨ੍ਹਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
EDITED BY : SARA YAHA PUNJABI NEWS






















