

ਸਰਦੂਲਗੜ/ਝੁਨੀਰ 22 ਅਕਤੂਬਰ (ਸਾਰਾ ਯਹਾਂ/ ਬਲਜੀਤਪਾਲ): ਗੰਭੀਰ ਹਾਲਤ ਮਰੀਜ਼ ਨੂੰ ਸਿਰਸਾ ਤੋਂ ਲੁਧਿਆਣਾ ਲੈਕੇ ਜਾ ਰਹੀ ਐਂਬੂਲੈਂਸ ਨੂੰ ਝੁਨੀਰ ਵਿਖੇ ਨਾਕਾ ਲਗਾਈ ਖੜੀ ਪੁਲਸ ਨੇ ਰੋਕਕੇ ਡਰਾਈਵਰ ਨਾਲ ਧੱਕਾਮੁੱਕੀ ਕਰਨ ਅਤੇ ਕਰੀਬ ਅੱਧਾ ਘੰਟਾਂ ਰੋਕਣ ਕਰਕੇ ਮਰੀਜ਼ ਦਰਸਨ ਸਿੰਘ (42) ਪੁੱਤਰ ਜੰਗੀਰ ਸਿੰਘ ਜੱਟ ਸਿੱਖ ਵਾਸੀ ਪਿੰਡ ਦਾਨੇਵਾਲਾ ਦੀ ਲੁਧਿਆਣਾ ਹਸਪਤਾਲ ਪਹੁੰਚਣ ਤੋੰ ਪਹਿਲਾਂ ਮੌਤ ਹੋ ਜਾਣ ਪਿੱਛੋਂ ਵਾਰਸਾਂ ਨੇ ਝੁਨੀਰ ਬੱਸ ਅੱਡੇ ਤੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ। ਧਰਨੇ ਦੌਰਾਨ ਵੱਖ-ਵੱਖ ਪਿੰਡਾਂ ਦੇ ਲੋਕ ਅਤੇ ਕੁਝ ਕਿਸਾਨ ਜਥੇਬੰਦੀਆਂ ਨੇ ਪੀੜਤ ਪਰਿਵਾਰ ਦਾ ਪੂਰਨ ਸਾਥ ਦਿੰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਨੂੰ ਦੱਸ ਵਜੇ ਗੰਭੀਰ ਹਾਲਤ ਵਿੱਚ ਮਰੀਜ਼ ਨੂੰ ਸਿਰਸੇ ਤੋਂ ਲੁਧਿਆਣੇ ਜਾ ਰਹੀ ਐਂਬੂਲੈਂਸ ਨੂੰ ਜਾਣ ਬੁੱਝ ਕੇ ਝੁਨੀਰ ਪੁਲੀਸ ਦੇ ਨਾਕੇ ਤੇ ਖੜ੍ਹੇ ਮੁਲਾਜ਼ਮ ਵੱਲੋਂ ਰੋਕ ਕੇ ਜਿੱਥੇ ਡਰਾਈਵਰ ਨਾਲ ਬਦਸਲੂਕੀ ਕੀਤੀ ਗਈ ਉੱਥੇ ਪੁਲਸ ਵੱਲੋਂ ਅੱਧਾ ਘੰਟਾ ਐਂਬੂਲੈਂਸ ਨੂੰ ਰੋਕਕੇ ਰੱਖਣ ਕਾਰਨ ਮਰੀਜ਼ ਦੀ ਸਹੀ ਸਮੇਂ ਤੇ ਹਸਪਤਾਲ ਨਾ ਪਹੁੰਚਣ ਕਰਕੇ ਮੌਤ ਹੋ ਗਈ। ਮੌਤ ਦੀ ਜ਼ਿੰਮੇਵਾਰ ਨਾਕੇ ਤੇ ਖੜ੍ਹੇ ਪੁਲੀਸ ਮੁਲਾਜ਼ਮ ਅਤੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਨ । ਭਾਰੀ ਗਿਣਤੀ ਵਿਚ ਇਕੱਠੇ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਬਹੁਤ ਜ਼ਿਆਦਾ ਪੁਲੀਸ ਨਾਕੇ ਲਗਾ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦ ਕਿ ਅੱਜ ਤਕ ਕੋਈ ਵੀ ਵੱਡਾ ਮਾਮਲਾ ਸਾਹਮਣੇ ਨਹੀਂ ਆਇਆ ਜੋ ਮਾਨਸਾ ਪੁਲੀਸ ਨੇ ਨਾਕਿਆਂ ਦੌਰਾਨ ਕੋਈ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਮਾਨਸਾ ਪੁਲੀਸ ਵੱਲੋਂ ਥਾਂ-ਥਾਂ ਤੇ ਨਾਕੇ ਲਗਾ ਕੇ ਆਮ ਅਤੇ ਗ਼ਰੀਬ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਜਦਕਿ ਦੋ ਨੰਬਰ ਦੇ ਕੰਮ ਕਰਨ ਵਾਲੇ ਵਿਅਕਤੀ ਸ਼ਰ੍ਹੇਆਮ ਇਨ੍ਹਾਂ ਨਾਲ ਗੋਲਮਾਲ ਕਰਕੇ ਨਾਕਿਆਂ ਤੋਂ ਪਾਰ ਹੁੰਦੇ ਹਨ। ਉਧਰ ਧਰਨੇ ਵਿਚ ਮਾਨਸਾ, ਸਰਦੂਲਗੜ੍ਹ ਅਤੇ ਸਿਰਸਾ ਦੇ ਸਮੂਹ ਐਂਬੂਲੈਂਸ ਡਰਾਈਵਰਾਂ ਨੇ ਵੀ ਸ਼ਮੂਲੀਅਤ ਕਰਦਿਆਂ ਅੱਜ ਪੂਰਾ ਦਿਨ ਆਪਣੀਆਂ ਐਂਬੂਲੈਂਸਾਂ ਬੰਦ ਰੱਖੀਆਂ। ਇਸ ਮੌਕੇ ਪਰਿਆਸ ਟਰੱਸਟ ਦੇ ਆਗੂ ਪ੍ਰਦੀਪ ਕੁਮਾਰ ਕਾਕਾ ਉਪਲਾ, ਅੰਗਰੇਜ਼ ਚੰਦ ਬੁਰਜਾਂ ਵਾਲੇ, ਬਲਜਿੰਦਰ ਸਿੰਘ ਚਹਿਲਾਂਵਾਲੀ ਬਲਵਿੰਦਰ ਸਿੰਘ ਭੰਮੇ ਕਲਾਂ ਜੱਸਾ ਸਿੰਘ ਭੰਮੇ ਕਲਾਂ ਆਤਮਾ ਸਿੰਘ ਭੰਮੇ ਕਲਾਂ ਹਾਕਮ ਸਿੰਘ ਆਦਿ ਹਾਜ਼ਰ ਸਨ ਇਸ ਮੌਕੇ ਡੀ ਐੱਸ ਪੀ ਸਰਦੂਲਗਡ਼੍ਹ ਅਮਰਜੀਤ ਸੰਧੂ, ਐੱਸਪੀ ਡੀ ਦਿਗਵਿਜੇ ਸਿੰਘ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਹੋਏ ਸਨ। ਪੁਲੀਸ ਅਧਿਕਾਰੀਆਂ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਕੇ ਬਣਦੀ ਕਾਰਵਾਈ ਕਰਨਗੇ।























