

ਮਾਨਸਾ 15 ਜਨਵਰੀ – (ਸਾਰਾ ਯਹਾਂ/ਮੁੱਖ ਸੰਪਾਦਕ)— ਮਾਨਸਾ ਸਟੇਸ਼ਨ ਦੀ ਨਵ-ਉਸਾਰੀ ਦੇ ਚੱਲਦੇ ਬੱਸ ਸਟੈਂਡ ਵਾਲੇ ਪਾਸੇ ਰੇਲਵੇ ਸਟੇਸ਼ਨ ਦਾ ਗੇਟ, ਟਿਕਟ ਘਰ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ।ਸ਼ਹਿਰੀਆਂ ਨੇ ਮਾਨਸਾ ਸਟੇਸ਼ਨ ਮਾਸਟਰ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਰੇਲਵੇ ਮੰਤਰੀ ਅਸ਼ਨਵੀ ਵੈਸ਼ਨਵ ਅਤੇ ਰਾਜ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲ ਕੇ ਮਾਨਸਾ ਸਟੇਸ਼ਨ ਨਾਲ ਜੁੜੀਆਂ ਇਹ ਮੰਗਾਂ ਪੂਰੀਆਂ ਕਰਵਾਉਣ ਦੀ ਗੱਲ ਕਹੀ।ਰੇਲਵੇ ਮੰਤਰਾਲਾ ਵੱਲੋਂ ਮਾਨਸਾ ਦੇ ਸਟੇਸ਼ਨ ਦੀ ਨਵੀਂ ਬਿਲਡਿੰਗ ਤਿਆਰ ਕੀਤੀ ਜਾ ਰਹੀ ਹੈ, ਜਿਸ ਦਾ ਕਾਫੀ ਹਿੱਸਾ ਬਣ ਕੇ ਤਿਆਰ ਹੋ ਗਿਆ ਹੈ।ਮਾਨਸਾ ਰੇਲਵੇ ਸਟੇਸ਼ਨ ਡਿਵਲਪਮੈਂਟ ਅੇਸੋਸੀਏਸ਼ਨ ਦੇ ਸੱਦੇ ਤੇ ਭਾਜਪਾ ਆਗੂ ਮੁਨੀਸ਼ ਬੱਬੀ ਦਾਨੇਵਾਲੀਆ, ਭਾਜਪਾ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਪੂਨੀਆ, ਸਮੀਰ ਛਾਬੜਾ, ਮੱਖਣ ਲਾਲ, ਵਿਨੋਦ ਕਾਲੀ, ਸੁਨੀਲ ਸ਼ਰਮਾ, ਸੰਜੀਵ ਗੋਇਲ, ਆਸੀਸ ਅਗਰਵਾਲ, ਰੋਹਿਤ ਬਾਂਸਲ, ਪ੍ਰੇਮ ਸਾਗਰ ਭੋਲਾ ਸਟੇਸ਼ਨ ਮਾਸਟਰ ਨੂੰ ਮਿਲੇ।ਮੁਨੀਸ਼ ਬੱਬੀ ਦਾਨੇਵਾਲੀਆ, ਜਤਿੰਦਰ ਆਗਰਾ ਨੇ ਕਿਹਾ ਕਿ ਮਾਨਸਾ ਸ਼ਹਿਰ ਦੀ ਅੱਧੀ ਵਸੋਂ ਬੱਸ ਸਟੈਂਡ ਸਾਈਡ ਅਤੇ ਅੱਧੀ ਵਸੋਂ ਲਾਇਨੋ ਪਾਰ ਵਸਦੀ ਹੈ।ਪਰ ਮਾਨਸਾ ਦੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਰੇਲਵੇ ਸਟੇਸ਼ਨ ਵਿੱਚ ਬੱਸ ਸਟੈਂਡ ਸਾਈਡ ਤੇ ਕੋਈ ਵੀ ਗੇਟ ਯਾਤਰੀਆਂ ਲਈ ਰੇਲਵੇ ਸਟੇਸ਼ਨ ਦਾ ਰਾਹ ਨਹੀਂ ਰੱਖਿਆ ਜਾ ਰਿਹਾ।ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਧਾਰਮਿਕ ਅਤੇ ਸੱਭਿਆਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਬਿਲਡਿੰਗ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਪਰ ਸ਼ਹਿਰ ਨੂੰ ਬੱਸ ਸਟੈਂਡ ਸਾਈਡ ਤੇ ਵੀ ਇੱਕ ਗੇਟ, ਰੇਲਵੇ ਸਟੇਸ਼ਨ ਦਾ ਰਾਹ ਬਣਾਉਣ ਦੀ ਲੋੜ ਹੈ ਕਿਉਂਕਿ ਵਸੋਂ ਦਾ ਵੱਡਾ ਹਿੱਸਾ ਇੱਧਰਲੇ ਪਾਸੇ ਵਸਦਾ ਹੈ।ਉਨ੍ਹਾਂ ਮੰਗ ਕੀਤੀ ਕਿ ਬੱਸ ਸਟੈਂਡ ਵਾਲੇ ਪਾਸੇ ਰੇਲਵੇ ਸਟੇਸ਼ਨ ਦੀ ਐਂਟਰੀ ਬਣਾਈ ਜਾਵੇ।ਪਲੇਟਫਾਰਮ ਨੰ. 1 ਤੇ ਸ਼ੈੱਡ ਬਣਾਇਆ ਜਾਵੇ, ਪਲੇਟਫਾਰਮ ਨੰ.2 ਤੇ ਵਾਸ਼ਰੂਮ ਬਣਾਉਣ ਦੇ ਨਾਲ-ਨਾਲ ਅਮ੍ਰਿਤ ਭਾਰਤ ਸਕੀਮ ਤਹਿਤ ਪੂਰੇ ਸਟੇਸ਼ਨ ਤੇ ਪੱਥਰ ਲਗਾਉਣ ਦੀ ਜ਼ਰੂਰਤ ਹੈ।ਉਹ ਵੀ ਲਗਾਇਆ ਜਾਵੇ।ਦਰੱਖਤਾਂ ਦੇ ਆਲੇ-ਦੁਆਲੇ ਚਾਰ-ਦੀਵਾਰੀ ਵਿੱਚ ਪੱਥਰ ਲਗਾਉਣ ਦਾ ਕੰਮ ਵੀ ਅਧੂਰਾ ਹੈ।ਉਨ੍ਹਾਂ ਕਿਹਾ ਕਿ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਾਲ-ਨਾਲ ਕੁਝ ਗੱਡੀਆਂ ਦਾ ਮਾਨਸਾ ਵਿੱਚ ਠਹਿਰਾਓ ਨਹੀਂ ਹੁੰਦਾ।ਉਹ ਵੀ ਯਕੀਨੀ ਬਣਾਇਆ ਜਾਵੇ।ਬਠਿੰਡਾ, ਮਾਨਸਾ, ਜਾਖਲ ਸੈਕਸ਼ਨ ਤੇ ਨਵੀਆਂ ਗੱਡੀਆਂ ਚਲਾਈਆਂ ਜਾਣ।ਉਨ੍ਹਾਂ ਕਿਹਾ ਕਿ ਮਾਨਸਾ ਸਟੇਸ਼ਨ ਤੋਂ ਲੋਡਿੰਗ ਅਤੇ ਅਣਲੋਡਿੰਗ ਪਲੇਟਫਾਰਮ ਸ਼ਹਿਰ ਤੋਂ ਬਾਹਰ ਬਣਾਏ ਜਾਣ ਕਿਉਂਕਿ ਸਪੈਸ਼ਲ ਲੱਗਣ ਤੇ ਟਰੱਕਾਂ ਦੀ ਆਵਾਜ਼ਾਈ ਨਾਲ ਹਾਦਸੇ ਵਾਪਰਨ ਦਾ ਡਰ ਅਤੇ ਟ੍ਰੈਫਿਕ ਸਮੱਸਿਆ ਗੰਭੀਰ ਬਣ ਜਾਂਦੀ ਹੈ।ਦਾਨੇਵਾਲੀਆ ਨੇ ਮੰਗ ਕੀਤੀ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵਾਇਆ ਮਾਨਸਾ, ਬਰਨਾਲਾ ਤੱਕ ਰੇਲਵੇ ਟਰੈਕ ਬਣਾਉਣ ਦੀ ਵੀ ਲੋੜ ਹੈ, ਜਿਸ ਨਾਲ ਇਹ ਤਖਤ ਲੁਧਿਆਣਾ, ਅਮ੍ਰਿਤਸਰ ਤੇ ਦਿੱਲੀ ਰੇਲ ਲਿੰਕ ਨਾਲ ਜੁੜ ਜਾਵੇਗਾ ਤਾਂ ਸ਼ਰਧਾਲੂਆਂ ਨੂੰ ਵੱਡਾ ਫਾਇਦਾ ਹੋਵੇਗਾ।ਉਨ੍ਹਾਂ ਕਿਹਾ ਕਿ ਉਹ ਆਉਂਦੇ ਦਿਨਾਂ ਵਿੱਚ ਮਾਨਸਾ ਸਟੇਸ਼ਨ ਨਾਲ ਜੁੜੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਕੇਂਦਰੀ ਰੇਲਵੇ ਮੰਤਰੀ ਅਸ਼ਨਵੀ ਵੈਸਨਵ, ਰਾਜ ਰੇਲਵੇ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮਿਲਣਗੇ।ਉਨ੍ਹਾਂ ਨੇ ਇਸ ਸਬੰਧੀ ਇੱਕ ਲਿਖਤੀ ਪੱਤਰ ਭਾਰਤ ਸਰਕਾਰ ਨੂੰ ਭੇਜ ਦਿੱਤਾ ਹੈ।ਸਰਕਾਰ ਨੇ ਭਰੋਸਾ ਦਿਵਾਇਆ ਹੈ ਕਿ ਮਾਨਸਾ ਸਟੇਸ਼ਨ ਨਾਲ ਜੁੜੀਆਂ ੳੇੁਨ੍ਹਾਂ ਦੀਆਂ ਮੰਗਾਂ ਸਟੇਸ਼ਨ ਦੇ ਨਵ-ਨਿਰਮਾਣ ਦੌਰਾਨ ਲੋੜੀਂਦੀਆਂ ਸਹੂਲਤਾਂ ਤੇ ਨਿਰਮਾਣ ਕਰਨ ਤੇ ਵੀ ਵਿਚਾਰ ਕੀਤਾ ਜਾਵੇਗਾ।ਇਸ ਮੌਕੇ ਪ੍ਰੇਮ ਅਗਰਵਾਲ, ਕ੍ਰਿਸ਼ਨ ਕੁਮਾਰ ਸਿੰਗਲਾ, ਰਾਮ ਕ੍ਰਿਸ਼ਨ ਚੁੱਘ, ਅਸ਼ੋਕ ਬਾਂਸਲ, ਸਰਬਜੀਤ ਕੋਸ਼ਲ, ਸਮੀਰ ਗੋਇਲ, ਜਗਤਪਾਲ ਸ਼ਰਮਾ, ਰਾਜ ਕੁਮਾਰ ਸਿੰਗਲਾ, ਰਵੀ ਖਾਨ ਨੇ ਵੀ ਇਨ੍ਹਾਂ ਮੰਗਾਂ ਦਾ ਸਮਰਥਨ ਕਰਦਿਆਂ ਛੇਤੀ ਹੀ ਇਹ ਮੰਗਾਂ ਮੰਨਣ ਦੀ ਅਪੀਲ ਕੀਤੀ ਹੈ।ਦਾਨੇਵਾਲੀਆ ਨੇ ਕਿਹਾ ਕਿ ਮਾਨਸਾ ਸਟੇਸ਼ਨ ਦੀ ਕਰੋੜਾਂ ਰੁਪਏ ਨਾਲ ਬਦਲੀ ਜਾ ਰਹੀ ਨੁਹਾਰ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਹਾਂ ਅਤੇ ਆਸ ਹੈ ਕਿ ਸ਼ਹਿਰੀਆਂ ਦੀ ਮੰਗ ਨੂੰ ਦੇਖਦੇ ਹੋਏ ਉਕਤ ਮੰਗਾਂ ਤੇ ਕੇਂਦਰ ਅਤੇ ਰੇਲਵੇ ਵਿਭਾਗ ਵਿਚਾਰ ਕਰਕੇ ਛੇਤੀ ਇਨ੍ਹਾਂ ਦੀ ਪੂਰਤੀ ਕਰੇਗਾ।























