

ਮਾਨਸਾ, 11 ਮਾਰਚ (ਸਾਰਾ ਯਹਾਂ/ਜੋਨੀ ਜਿੰਦਲ): ਸਰਕਾਰੀ ਆਈ ਟੀ ਆਈ ਮਾਨਸਾ ਵਿਖੇ ਅਪ੍ਰੈਂਟਸ਼ਿਪ ਅਤੇ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਮੇਲੇ ਵਿਚ ਅੰਬਰ ਇੰਟਰਪ੍ਰਾਈਜ਼, ਜਗਤਜੀਤ ਇੰਡਸਟਰੀਜ਼ ਚੀਮਾ, ਪੈਪਸੀਕੋ ਇੰਡੀਆ ਹੋਲਡਿੰਗ, ਹਾਈਵੇ ਰੂਪ ਇੰਡਸਟਰੀਜ਼, ਪਾਲ ਐਗਰੋ ਇੰਡਸਟਰੀਜ਼ ਭੈਣੀ ਬਾਘਾ ਮਾਨਸਾ ਅਤੇ ਲਾਰਸਨ ਐਂਡ ਟਬਰੋ ਨਵੀ ਦਿੱਲੀ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਵਲੋਂ ਸਿਖਿਆਰਥੀਆਂ ਦੀ ਚੋਣ ਕੀਤੀ ਗਈ।
ਕੰਪਨੀਆਂ/ਇੰਡਸਟਰੀਜ਼ ਵੱਲੋਂ ਯੋਗਤਾ ਅਤੇ ਹੁਨਰ ਦੇ ਆਧਾਰ ‘ਤੇ ਇੰਟਰਵਿਊ ਕਰਕੇ ਭਾਗ ਲੈਣ ਵਾਲੇ 152 ਸਿਖਿਆਰਥੀਆਂ ਵਿੱਚੋ 95 ਸਿਖਿਆਰਥੀਆਂ ਦੀ ਚੋਣ ਕੀਤੀ ਗਈ। ਪ੍ਰਿੰਸੀਪਲ ਗੁਰਮੇਲ ਸਿੰਘ ਮਾਖਾ ਨੇ ਕਿਹਾ ਕਿ ਸੰਸਥਾ ਵਲੋਂ ਸਮੇਂ-ਸਮੇਂ ‘ਤੇ ਰੋਜ਼ਗਾਰ ਮੇਲੇ ਲਗਾ ਕੇ ਸਿਖਿਆਰਥੀਆਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ।
ਪਲੇਸਮੇਂਟ ਅਫ਼ਸਰ ਜਸਪਾਲ ਸਿੰਘ ਵਲੋਂ ਚੁਣੇ ਗਏ ਸਿਖਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਹੋਰਨਾ ਸਿਖਿਆਰਥੀਆਂ ਨੂੰ ਇਸ ਤਰ੍ਹਾਂ ਦੇ ਰੋਜ਼ਗਾਰ ਮੇਲਿਆਂ ਵਿਚ ਵਧ ਚੜ੍ਹ ਕੇ ਸ਼ਿਰਕਤ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ।























