

ਚੌਕ ਮਹਿਤਾ, ੩੦ ਜੁਲਾਈ (ਸਾਰਾ ਯਹਾ)- ਕਿਸਾਨ ਮਜਦੂਰ ਸਘੰਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੈਕੜੇ ਗੰਨਾਂ ਕਾਸ਼ਤਕਾਰਾਂ ਵੱਲੋਂ ਅੱਜ ਇੱਥੇ ਰਾਣਾ ਖੰਡ ਮਿੱਲ ਬੁੱਟਰ ਸਿਵੀਆ ਦੇ ਗੇਟ ਅੱਗੇ ੧੩੫ ਕਰੋੜ ਰੁਪਏ ਦੇ ਬਕਾਏ ਖਿਲਾਫ ਅੱਤ ਦੀ ਗਰਮੀ ਵਿੱਚ ਧਰਨਾਂ ਸ਼ੁਰੂ ਕਰ ਦਿਤਾ ਗਿਆ।ਧਰਨਾਂਕਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੇ ਰਾਣਾ ਖੰਡ ਮਿੱਲ ਦੇ ਪ੍ਰਬੰਧਕਾਂ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਠੱਠੀਖਾਰਾ, ਗੁਰਲਾਲ ਸਿੰਘ ਪੰਡੋਰੀ ਰਣਸਿੰਘ, ਗੁਰਪ੍ਰੀਤ ਸਿੰਘ ਤੇ ਕੁਲਦੀਪ ਸਿੰਘ ਟਾਹਲੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਕਰਜੇ ਦੇ ਬੋਝ ਹੇਠ ਦੱਬ ਕੇ ਪਹਿਲਾਂ ਹੀ ਖੁਦਕਸ਼ੀਆਂ ਕਰ ਰਹੇ ਹਨ।ਉਪਰੋਂ ਸਰਕਾਰੀ, ਕਮਰਸ਼ੀਅਲ ਬੈਂਕਾਂ, ਸੋਸਾਇਟੀਆਂ ਤੇ ਆੜ੍ਹਤੀਆਂ ਵੱਲੋਂ ਡਿਫਾਲਟਰ ਕਿਸਾਨਾਂ ਖਿਲਾਫ ਕੁਰਕੀਆਂ ਤੇ ਗ੍ਰਿਫਤਾਰੀਆਂ ਦੇ ਨਟਿਸ ਕੱਢੇ ਜਾ ਰਹੇ ਹਨ।ਜਦੋਂ ਕਿ ਰਾਣਾ ਖੰਡ ਮਿੱਲ ਸਮੇਤ ਹੋਰ ਸਰਕਾਰੀ ਤੇ ਨਿੱਜੀ ਖੰਡ ਮਿੱਲਾਂ ਵੱਲ ਬੀਤੇ ੭ ਮਹੀਨੇ ਤੋਂ ਕਿਸਾਨਾਂ ਦਾ ੮੦੦ ਕਰੋੜ ਤੋਂ ਵੱਧ ਬਕਾਇਆ ਖੜ੍ਹਾ ਹੈ।ਕਾਨੂੰਨ ਮੁਤਾਬਕ ੧੫ ਦਿਨ ਤੋਂ ਵੱਧ ਸਮਾਂ ਪੇਮੈਂਟ ਲੇਟ ਕਰਨ ਤੇ ਕਿਸਾਨਾਂ ਨੂੰ ਡੇਢ ਫੀਸਦੀ ਵਿਆਜ ਦੇਣਾਂ ਲਾਜਮੀ ਹੈ।ਪਰ ਰਾਣਾ ਖੰਡ ਮਿੱਲ ਇਸ ਦੇ ਉਲਟ ਕਿਸਾਨਾਂ ਦਾ ਕਰੋੜਾਂ ਰੁਪਿਆ ਦੱਬ ਕੇ ਬੈਠੀ ਹੈ।ਜਿਸ ਦੇ ਫਲਸਰੂਪ ਕਾਸ਼ਤਕਾਰ ਗੰਨਾਂ ਵੇਚ ਕੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ।ਜੋ ਕੇਂਦਰ ਅਤੇ ਸੂਬਾਂ ਸਰਕਾਰਾਂ ਦੇ ਮੱਥੇ ਤੇ ਕਲੰਕ ਨਾਲੋਂ ਘੱਟ ਨਹੀਂ ਹੈ।ਉਕਤ ਆਗੂਆਂ ਨੇ ਰਾਣਾ ਸ਼ੁਗਰ ਮਿੱਲ ਬੁੱਟਰ ਸਿਵੀਆ ਦੇ ੧੩੫ ਕਰੋੜ ਰੁਪਏ ਦੇ ਬਕਾਏ ਸਮੇਤ ਕੀੜੀ ਅਫਗਾਨਾਂ ਮਿੱਲ, ਰੰਧਾਵਾ ਖੰਡ ਮਿੱਲ ਦਸੂਹਾ, ਮੁਕੇਰੀਆਂ ਖੰਡ ਮਿੱਲ ਪਨਿਆੜ ਤੇ ਪੰਜਾਬ ਦੀਆਂ ਹੋਰ ਖੰਡ ਮਿੱਲਾਂ ਤੋਂ ਸੈਕੜੇ ਕਰੋੜ ਦਾ ਬਕਾਇਆ ਕਾਨੂੰਨ ਮੁਤਾਬਕ ਡੇਢ ਫੀਸਦੀ ਵਿਆਜ ਸਮੇਤ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ।ਇਸ ਮੌਕੇ ਕੁਲਬੀਰ ਸਿੰਘ ਕਾਹਲੋਂ, ਸੁਖਦੇਵ ਸਿੰਘ ਬਾਜਵਾ, ਗੁਰਵਿੰਦਰ ਸਿੰਘ ਬਾਜਵਾ, ਸੁਰਜੀਤ ਸਿੰਘ ਕਾਂਗੜ, ਸਤਨਾਮ ਸਿੰਘ ਚੀਮਾਂ ਖੂੱਡੀ, ਗੱਖਾ ਵਾਹਲਾ, ਅਜੈਬ ਸਿੰਘ ਚੀਮਾਂ ਖੁੱੱਡੀ, ਚਰਨ ਸਿੰਘ ਕਲੇਰ ਘੁਮਾਣ, ਰਣਜੀਤ ਸਿੰਘ ਕਲੇਰਬਾਲਾ ਤੇ ਗੁਰਪ੍ਰੀਤ ਸਿੰਘ ਜੋਧਾਨਗਰੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
ਇਸ ਸਬੰਧੀ ਰਾਣਾ ਖੰਡ ਮਿੱਲ ਦੇ ਪ੍ਰਬੰਧਕ ਅਮਰੀਕ ਸਿੰਘ ਬੁੱਟਰ ਨਾਲ ਸਪੰਰਕ ਕਰਨ ਤੇ ਉਨਾ੍ਹਂ ਦੱਸਿਆ ਕਿ ਮਿੱਲ ਨੂੰ ਪਿੱਛੋਂ ਪੇਮੈਂਟ ਨਾ ਮਿਲਣ ਕਾਰਨ ਦੇਰੀ ਹੋਈ ਹੈ।ਪੇਮੈਂਟ ਆਉਣ ਤੇ ਤੁਰੰਤ ਭੁਗਤਾਨ ਕਰ ਦਿੱਤਾ ਜਾਵੇਗਾ।























