

ਮਾਨਸਾ, 12 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਯੋਗਾ ਕਰਨ ਨਾਲ ਜਿੱਥੇ ਆਤਮਿਕ ਸ਼ਾਂਤੀ ਦੀ ਅਨੁਭੂਤੀ ਹੁੰਦੀ ਹੈ, ਉਥੇ ਸਰੀਰਕ ਤੌਰ ‘ਤੇ ਵੀ ਮਨੁੱਖ ਤੰਦਰੁਸਤ ਰਹਿੰਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਤਹਿਸੀਲ ਕੰਪਲੈਕਸ ਮਾਨਸਾ ਵਿਖੇ ਬਣੇ ਸਕੂਨ ਗਾਰਡਨ ਅਤੇ ਯੋਗਾ ਪਾਰਕ ਦੇ ਉਦਘਾਟਨ ਮੌਕੇ ਕੀਤਾ। ਇਸ ਪਾਰਕ ਦਾ ਉਦਘਾਟਨ ਡਿਪਟੀ ਕਮਿਸ਼ਨਰ ਨੇ ਸ਼੍ਰੀਮਤੀ ਸਰਯੂ ਕਪਲਿਸ਼ ਤੋਂ ਕਰਵਾਇਆ, ਜਿਨ੍ਹਾਂ ਨੇ ਇਸ ਪਾਰਕ ਨੂੰ ਡਿਜਾਇਨ ਕੀਤਾ ਸੀ, ਜੋ ਕਿ ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ਼ ਦੇ ਧਰਮ ਪਤਨੀ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪਾਰਕ ਨੂੰ ਬਣਾਉਣ ਲਈ ਐਸ.ਡੀ.ਐਮ. ਮਾਨਸਾ ਅਤੇ ਉਨ੍ਹਾਂ ਦਾ ਸਮੁੱਚਾ ਸਟਾਫ਼ ਵਧਾਈ ਦੇ ਪਾਤਰ ਹਨ ਕਿਉਂਕਿ ਕੁਝ ਸਮਾਂ ਪਹਿਲਾਂ ਤੱਕ ਇਹ ਜਗ੍ਹਾ ਬੇਕਾਰ ਪਈ ਸੀ ਅਤੇ ਇੱਥੇ ਕੋਈ ਵੀ ਵਿਅਕਤੀ ਨਹੀਂ ਸੀ ਆਉਂਦਾ। ਪਰ ਐਸ.ਡੀ.ਐਮ. ਮਾਨਸਾ ਅਤੇ ਉਨ੍ਹਾਂ ਦੀ ਟੀਮ ਨੇ ਇਸ ਦੀ ਕਾਇਆ-ਕਲਪ ਕਰਕੇ ਇਸਨੂੰ ਇੱਕ ਸੁੰਦਰ ਅਤੇ ਮਨਮੋਹਕ ਪਾਰਕ ਦਾ ਰੂਪ ਪ੍ਰਦਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਇਸ ਥਾਂ ‘ਤੇ ਰੋਜ਼ਾਨਾ ਯੋਗਾ ਕਰਵਾਇਆ ਜਾਵੇਗਾ।
ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ਼ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇਕਰ ਸਕਰਾਤਮਕ ਸੋਚ ਰੱਖ ਕੇ ਕਿਸੇ ਕੰਮ ਨੂੰ ਸ਼ੁਰੂ ਕੀਤਾ ਜਾਵੇ, ਤਾਂ ਉਹ ਕੰਮ ਬਹੁਤ ਹੀ ਵਧੀਆ ਢੰਗ ਨਾਲ ਨੇਪਰੇ ਚੜ੍ਹਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣਾ ਆਲਾ-ਦੁਆਲਾ ਅਤੇ ਆਪਣੇ ਦਫ਼ਤਰਾਂ ਨੂੰ ਸਾਫ਼-ਸੁਥਰਾ ਰੱਖਾਂਗੇ ਤਾਂ ਉਹ ਮਾਹੌਲ ਸਾਡੀ ਰੋਜ਼ਾਨਾ ਡਿਊਟੀ ‘ਤੇ ਵੀ ਆਪਣਾ ਅਸਰ ਛੱਡਦਾ ਹੈ ਅਤੇ ਅਸੀਂ ਖੁਸ਼ੀ-ਖੁਸ਼ੀ ਆਪਣੀ ਡਿਊਟੀ ਨੂੰ ਅੰਜਾਮ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਜਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਇਸ ਪਾਰਕ ਨੂੰ ਬਣਾਉਣ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਵੀ ਤਹਿਦਿਲੋਂ ਧੰਨਵਾਦ ਕੀਤਾ।
ਸਮਾਗਮ ਦੌਰਾਨ ਯੋਗਾ ਗੁਰੂ ਸ਼੍ਰੀ ਦੀਪ ਚੰਦ ਵੱਲੋਂ ਮੌਜੂਦਾ ਨੂੰ ਯੋਗਾ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਤਣਾਅ ਬਿਮਾਰੀਆਂ ਦਾ ਜਨਨੀ ਹੈ ਅਤੇ ਯੋਗਾ ਕਰਨ ਨਾਲ ਜਿੱਥੇ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ, ਉਥੇ ਹੀ ਸਰੀਰ ਨੂੰ ਬਿਮਾਰੀ ਰਹਿਤ ਰੱਖਿਆ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਢੱਚਵਾਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਿਸ਼ਿਸ਼ਟ, ਸਿਵਲ ਸਰਜਨ ਸ਼੍ਰੀ ਲਾਲ ਚੰਦ ਠਕਰਾਲ, ਸਵੱਛ ਭਾਰਤ ਪ੍ਰੇਰਕ ਸ਼੍ਰੀ ਆਦਿਤਯ ਮਦਾਨ ਤੋਂ ਇਲਾਵਾ ਹੋਰ ਵੀ ਸਖ਼ਸ਼ੀਅਤਾਂ ਮੌਜੂਦ ਸਨ।






















