

ਮਾਨਸਾ, 08 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ)) : ਯੋਗਤਾ ਮਿਤੀ 01 ਜਨਵਰੀ 2020 ਦੇ ਅਧਾਰ ‘ਤੇ ਤਿਆਰ ਕੀਤੀਆਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅੰਤਿਮ ਪ੍ਰਕਾਸ਼ਨਾ ਕੀਤੀਆਂ ਗਈਆਂ ਵੋਟਰ ਸੂਚੀਆਂ ਦੀ ਹਾਰਡ ਕਾਪੀ ਅਤੇ ਸਾਫ਼ਟ ਕਾਪੀ ਸੌਂਪਦਿਆਂ ਕੀਤਾ। ਸਹਾਇਕ ਕਮਿਸ਼ਨਰ ਨੇ ਕਿਹਾ ਕਿ ਅੰਤਿਮ ਪ੍ਰਕਾਸ਼ਿਤ ਕੀਤੀ ਗਈ ਵੋਟਰ ਸੂਚੀ ਦੀ ਆਪਣੇ ਵਰਕਰਾਂ ਰਾਹੀਂ ਮੁਕੰਮਲ ਪੜਤਾਲ ਕਰਵਾ ਲਈ ਜਾਵੇ ਅਤੇ ਜੇਕਰ ਕਿਸੇ ਕਿਸਮ ਦੀ ਕੋਈ ਤਰੁੱਟੀ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਤਹਿਸੀਲਦਾਰ ਚੋਣ ਦਫ਼ਤਰ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੋਟਰ ਦਾ ਨਾਮ ਮੌਜੂਦਾ ਵੋਟਰ ਸੂਚੀ ਵਿੱਚ ਉਪਲੱਬਧ ਨਹੀਂ ਹੈ ਤਾਂ ਤੁਰੰਤ ਫਾਰਮ ਨੰਬਰ 6 ਭਰ ਕੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਜਾਂ ਬੂਥ ਲੈਵਲ ਅਫ਼ਸਰ ਕੋਲ ਜਮ੍ਹਾ ਕਰਵਾਇਆ ਜਾਵੇ। ਉਨ੍ਹਾਂ ਨਾਲ ਹੀ ਕਿਹਾ ਕਿ ਸਬੰਧਤ ਪ੍ਰੋਫਾਰਮਿਆਂ ਵਿੱਚ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕਰਕੇ ਲਿਸਟਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾ ਕਰਵਾ ਦਿੱਤੀਆਂ ਜਾਣ। ਚੋਣ ਤਹਿਸੀਲਦਾਰ ਮਾਨਸਾ ਸ਼੍ਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਅੰਤਿਮ ਪ੍ਰਕਾਸ਼ਨਾ ਉਪਰੰਤ ਜ਼ਿਲ੍ਹੇ ਵਿੱਚ ਕੁੱਲ 581438 ਵੋਟਰ ਹਨ, ਜਿਨ੍ਹਾਂ ਵਿੱਚੋਂ 308985 ਮਰਦ, 272443 ਔਰਤਾਂ ਅਤੇ 10 ਥਰਡ ਜੈਂਡਰ ਵੋਟਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਮਾਨਸਾ-96 ਵਿੱਚ ਕੁੱਲ 212889 ਵੋਟਰ ਜਿਨ੍ਹਾਂ ਵਿੱਚ 113018 ਮਰਦ ਵੋਟਰ, 99869 ਔਰਤਾਂ ਅਤੇ 2 ਥਰਡ ਜੈਂਡਰ ਵੋਟਰ, ਸਰਦੂਲਗੜ੍ਹ-97 ਵਿੱਚ ਕੁੱਲ 177476 ਵੋਟਰ ਜਿਨ੍ਹਾਂ ਵਿੱਚ, 94174 ਮਰਦ, 83297 ਔਰਤ ਅਤੇ 5 ਥਰਡ ਜੈਂਡਰ ਵੋਟਰ ਅਤੇ ਬੁਢਲਾਡਾ-98 ਵਿੱਚ ਕੁੱਲ 191073 ਵੋਟਰ ਜਿਨ੍ਹਾਂ ਵਿੱਚ 101793 ਮਰਦ, 89277 ਔਰਤ ਅਤੇ 3 ਥਰਡ ਜੈਂਡਰ ਵੋਟਰ ਸ਼ਾਮਿਲ ਹਨ। ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਸ਼੍ਰੀ ਦਰਸ਼ਨ ਪਾਲ, ਭਾਰਤੀਯ ਜਨਤਾ ਪਾਰਟੀ ਵੱਲੋਂ ਸ਼੍ਰੀ ਮੱਖਣ ਲਾਲ, ਬਹੁਜਨ ਸਮਾਜ ਪਾਰਟੀ ਵੱਲੋਂ ਸ਼੍ਰੀ ਆਤਮਾ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਗੁਰਮੇਲ ਸਿੰਘ ਨੂੰ ਵੋਟਰ ਸੂਚੀਆਂ ਮੁਹੱਈਆ ਕਰਵਾਈਆਂ ਗਈਆਂ।























