
ਮਾਨਸਾ, 16 ਫਰਵਰੀ ((ਸਾਰਾ ਯਹਾ,(ਹੀਰਾ ਮਿੱਤਲ) : ਕਿਸਾਨਾਂ ਨੂੰ ਸਹਾਇਕ ਧੰਦਿਆਂ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨਾ ਚਾਹੀਦਾ ਹੈ, ਜਿਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਸਬ-ਸਿਡੀਆਂ ਜਾਰੀ ਕੀਤੀਆਂ ਜਾਂਦੀਆਂ ਹਨ। ਇਸੇ ਤਹਿਤ ਮੱਖੀ ਪਾਲਣ ਦਾ ਧੰਦਾ ਪੜ੍ਹੇ-ਲਿਖੇ ਬੇਰੁਜ਼ਗਾਰ ਅਤੇ ਬੇ-ਜ਼ਮੀਨੇ ਨੌਜਵਾਨਾਂ ਲਈ ਬਹੁਤ ਹੀ ਲਾਹੇਵੰਦ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਸ੍ਰ. ਤਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿੱਚ ਮੱਖੀਆਂ ਪਾਲਣ ਦੇ ਕੰਮ ਨੂੰ ਨੌਜਵਾਨ ਕਿਸਾਨਾਂ ਵੱਲੋਂ ਅਪਣਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਇਸ ਕੰਮ ਨੂੰ ਵੱਡੇ ਅਤੇ ਛੋਟੇ ਲਗਭਗ 107 ਕਿਸਾਨਾਂ ਵੱਲੋਂ ਅਪਣਾਇਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 5480 ਦੇ ਕਰੀਬ ਬਕਸੇ ਹਨ, ਜਿਨ੍ਹਾਂ ਤੋਂ 143.38 ਮੀਟਰਕ ਟਨ ਸ਼ਹਿਦ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇਨ੍ਹਾਂ ਮੱਖੀਆਂ ਦੇ ਬਕਸਿਆਂ ਨੂੰ ਫੁੱਲਾਂ ਦੇ ਸੀਜ਼ਨ ਦੇ ਹਿਸਾਬ ਨਾਲ ਹਰਿਆਣਾ,ਰਾਜਸਥਾਨ, ਜੰਮੂ ਕਸ਼ਮੀਰ, ਉਤਰ ਪ੍ਰਦੇਸ਼, ਗੁਜਰਾਤ, ਹਿਮਾਚਲ ਪ੍ਰਦੇਸ਼ ਲੈ ਕੇ ਜਾਣਾ ਪੈਂਦਾ ਹੈ, ਜਿੱਥੋਂ ਮੱਖੀਆਂ ਚੰਗੀ ਕਿਸਮ ਦਾ ਸ਼ਹਿਦ ਇੱਕਠਾ ਕਰਦੀਆਂ ਹਨ ਅਤੇ ਇਸ ਸ਼ਹਿਦ ਦੀ ਵਿਦੇਸ਼ਾਂ ਵਿੱਚ ਭਾਰੀ ਮੰਗ ਹੈ। ਉਨ੍ਹਾਂ ਦੱਸਿਆ ਕਿ ਸ਼ਹਿਦ ਦੀਆਂ ਮੱਖੀਆਂ ਪਾਲਣ ਨਾਲ ਸ਼ਹਿਦ ਦੀ ਪੈਦਾਵਾਰ ਤੋਂ ਬਿਨ੍ਹਾਂ ਹੋਰ ਵੀ ਕਈ ਤਰ੍ਹਾਂ ਨਾਲ ਆਮਦਨ ਵਧਾਈ ਜਾ ਸਕਦੀ ਹੈ ਜਿਵੇਂ ਰਾਣੀ ਮੱਖੀਆਂ ਤਿਆਰ ਕਰਨਾ, ਪੋਲਨ ਤਿਆਰ ਕਰਨਾ, ਰਾਇਸ ਜੈਲੀ ਤਿਆਰ ਕਰਨਾ, ਸ਼ਹਿਦ ਦੀਆਂ ਮੱਖੀਆਂ ਦਾ ਜ਼ਹਿਰ ਇੱਕਠਾ ਕਰਨਾ, ਪ੍ਰਪੋਲਸ ਤਿਆਰ ਕਰਨਾ, ਮੱਖੀਆਂ ਦੇ ਛੱਤੇ ਤਿਆਰ ਕਰਨ ਲਈ ਮੋਮ ਤਿਆਰ ਕਰਨਾ।
ਬਾਗਬਾਨੀ ਵਿਕਾਸ ਅਫ਼ਸਰ ਸ੍ਰੀ ਪਰਮੇਸ਼ਰ ਕੁਮਾਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਆਰ.ਕੇ.ਵੀ.ਵਾਈ. ਸਕੀਮ ਤਹਿਤ ਵੱਧ ਤੋਂ ਵੱਧ 50 ਬਕਸਿਆਂ ‘ਤੇ ਪ੍ਰਤੀ ਲਾਭਪਾਤਰੀ ਨੂੰ 80 ਹਜ਼ਾਰ ਰੁਪਏ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਲੈਣ ਲਈ ਲਾਭਪਾਤਰੀ ਵੱਲੋਂ ਵਿਭਾਗ ਤੋਂ ਲਾਟ ਨੰਬਰ ਜਾਰੀ ਕਰਵਾਉਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਵਿਭਾਗ ਵੱਲੋਂ ਪ੍ਰਵਾਨਿਤ ਕੀਤੀਆਂ ਹੋਈਆਂ ਫਰਮਾਂ ਤੋਂ ਮੱਖੀ ਦੀ ਖਰੀਦ ਕਰ ਸਕਦਾ ਹੈ। ਮੱਖੀਆਂ ਦੇ ਬਕਸਿਆਂ ਉਤੇ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਲਾਟ ਨੰਬਰ ਖੁਦਵਾਉਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮੱਖੀਆਂ ਦੇ ਬਕਸੇ ਕੈਲ ਦੀ ਲੱਕੜ ਦੇ ਬਣੇ ਹੋਣੇ ਚਾਹੀਦੇ ਹਨ।
ਸਹਾਇਕ ਡਾਇਰੈਕਟਰ ਬਾਗਬਾਨੀ ਨੇ ਸ਼ਹਿਦ ਦੇ ਗੁਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਦ ਮੁੱਖ ਤੌਰ ‘ਤੇ ਦੋ ਤਰ੍ਹਾਂ ਦੀਆਂ ਖੰਡਾਂ ਤੋਂ ਬਣਿਆ ਹੁੰਦਾ ਹੈ, ਜਿਹੜੀਆਂ ਸਾਡੇ ਸਰੀਰ ਵਿੱਚ ਜਲਦੀ ਹੀ ਖੂਨ ਵਿੱਚ ਮਿਲ ਕੇ ਸਾਨੂੰ ਤੁਰੰਤ ਸ਼ਕਤੀ ਦਿੰਦਿਆਂ ਹਨ। ਇਸ ਤੋਂ ਇਲਾਵਾ ਸ਼ਹਿਦ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਪਦਾਰਥ ਵੀ ਹੁੰਦੇ ਹਨ। ਸ਼ਹਿਦ ਕਲੈਸਟਰੋਲ ਰਹਿਤ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਸਟੈਂਡਰਡ ਦੁਆਰਾ ਇਸ ਨੂੰ ਸੋਡੀਅਮ ਮੁਕਤ ਕਰਾਰ ਦਿੱਤਾ ਗਿਆ ਹੈ ਕਿਉਂਕਿ ਇਸ ਵਿੱਚ 2 ਫੀਸਦੀ ਤੋਂ ਵੀ ਘੱਟ ਸੋਡੀਅਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਦ ਬਿਮਾਰੀਆਂ ਤੋਂ ਬਚਾਓ ਲਈ ਅਤਿ ਉਪਯੋਗੀ ਹੈ ਅਤੇ ਸ਼ਹਿਦ ਨੂੰ ਵੱਖੋ-ਵੱਖਰੇ ਤਰੀਕਿਆਂ ਨਾਲ ਵਰਤਣ ਨਾਲ ਫਾਇਦਾ ਉਠਾਇਆ ਜਾ ਸਕਦਾ ਹੈ ਜਿਵੇਂ ਜ਼ਖ਼ਮ ਭਰਨ ਲਈ, ਦਸਤ ਹਟਾਉਣ ਲਈ, ਖਾਂਸੀ ਅਤੇ ਜ਼ੁਕਾਮ ਤੋਂ ਬਚਣ ਲਈ, ਉਮਰ ਵਧਾਉਣ ਲਈ, ਚਮੜੀ ਦੀ ਇੰਨਫੈਕਸ਼ਨ ਲਈ, ਭਾਰ ਘਟਾਉਣ ਲਈ, ਪਾਚਨ ਸ਼ਕਤੀ ਵਧਾਉਣ ਲਈ, ਕੈਂਸਰ ਤੋਂ ਬਚਾਅ ਲਈ, ਬਾਲ ਝੜਨ ਤੋਂ ਬਚਾਅ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ।
EDITED BY : SARA YAHA | | Last Updated : 7:12 pm 16 ਫ਼ਰਵਰੀ 2019
EDITED BY : SARA YAHA | | Last Updated : 7:12 pm 16 ਫ਼ਰਵਰੀ 2019























