

ਮਾਨਸਾ, 21 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ) -ਕਾਂਗਰਸ ਪਾਰਟੀ ਵਲੋਂ ਮਨਰੇਗਾ ਮਜਦੂਰ ਬਚਾਓ ਮੁਹਿੰਮ ਤਹਿਤ 28 ਫਰਵਰੀ ਨੂੰ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿਚ ਬਰਨਾਲਾ ਵਿਖੇ ਕੀਤੀ ਜਾ ਰਹੀ ਰੈਲੀ ਦੇ ਮੱਦੇਨਜ਼ਰ ਅੱਜ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਧਾਇਕ ਗੁਰਕੀਰਤ ਸਿੰਘ ਮਾਨਸਾ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ। ਜ਼ਿਲਾ ਕਾਂਗਰਸ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਤੋਂ ਦੇਸ਼ ਅਤੇ ਭਗਵੰਤ ਮਾਨ ਸਰਕਾਰ ਤੋਂ ਪੰਜਾਬ ਬਚਾਉਣ ਦੀ ਲੋੜ ਹੈ। ਕਾਂਗਰਸ ਪਾਰਟੀ ਦੇਸ਼ ਭਰ ਵਿਚ ਮਨਰੇਗਾ ਮਜਦੂਰ ਬਚਾਓ ਅਤੇ ਭਾਰਤ ਅਮਰੀਕਾ ਸੰਘੀ ਦੇ ਵਿਰੋਧ ਵਿਚ ਮੁਹਿੰਮ ਲੈ ਕੇ ਚੱਲ ਰਹੀ ਹੈ। ਕਾਂਗਰਸੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਕੀਰਤ ਕੋਟਲੀ ਨੇ ਕਿਹਾ ਕਿ ਮਨਰੇਗਾ ਲੱਖਾਂ, ਕਰੋੜਾਂ ਮਜਦੂਰਾਂ ਦੇ ਚੁੱਲ੍ਹੇ ਚਲਾਉਂਦੀ ਸੀ ਪਰ ਮੋਦੀ ਸਰਕਾਰ ਨੇ ਬੜੀ ਚਲਾਕੀ ਨਾਲ ਉਸ ਨੂੰ ਬੰਦ ਕਰਕੇ ਨਾ ਸਿਰਫ ਇਕ ਗਰੀਬ ਦਾ ਗਲਾ ਘੁੱਟਿਆ ਬਲਕਿ ਯੂਪੀਏ ਸਰਕਾਰ ਵਲੋਂ ਸ਼ੁਰੂ ਕੀਤਾ ਮਨਰੇਗਾ ਜੜ੍ਹੋਂ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਅਧੀਨ ਰੁਜਗਾਰ ਦੀ ਗਰੰਟੀ ਹੁੰਦੀ ਸੀ। ਹੁਣ ਮੋਦੀ ਸਰਕਾਰ ਵਲੋਂ ਸਿਰਫ ਇਸ ਦਾ ਨਾਂ ਹੀ ਨਹੀਂ ਬਦਲਿਆ ਗਿਆ, ਮਨਰੇਗਾ ਨੂੰ ਖਤਮ ਕਰਕੇ ਮਜਦੂਰਾਂ ਨੂੰ ਰੁਜਗਾਰ ਦੇਣ ਦਾ ਡਰਾਮਾ ਕਰਨ ਦੀ ਨੀਤੀ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮਨਮੋਹਨ ਸਿੰਘ ਸਰਕਾਰ ਵਲੋਂ ਲਏ ਗਏ ਸਾਰੇ ਫੈਸਲਿਆਂ ਨੂੰ ਹੋਲੀ ਹੋਲੀ ਖਤਮ ਕਰ ਰਹੀ ਹੈ ਅਤੇ ਕੁੱਝ ਫੈਸਲਿਆਂ ਦਾ ਨਾਂ ਬਦਲ ਕੇ ਉਨ੍ਹਾਂ ਨੂੰ ਆਪਣੀ ਪ੍ਰਾਪਤੀ ਦੱਸ ਰਹੀ ਹੈ। ਜਦੋਂ ਕਿ ਅੱਜ ਦੇਸ਼ ਅੰਦਰ ਡਾਲਰ ਦੇ ਮੁਕਾਬਲੇ ਰੁਪਿਆ ਥੱਲੇ ਡਿੱਗ ਚੁੱਕਾ ਹੈ। ਕੇਂਦਰ ਸਰਕਾਰ ਅਮਰੀਕਾ ਤੋਂ ਡਰ ਕੇ ਉਸ ਨੂੰ ਜੋ ਮਾਰੂ ਸਮਝੌਤਾ ਕਰਨ ਜਾ ਰਹੀ ਹੈ ਉਸ ਤਹਿਤ ਪਹਿਲਾਂ ਅਮਰੀਕਾ ਵਲੋਂ ਸਸਤੇ ਅਨਾਜ, ਦੁੱਧ ਅਤੇ ਇਨ੍ਹਾਂ ਤੋਂ ਬਣੀਆਂ ਹੋਰ ਚੀਜਾਂ ਸੁੱਟੀਆਂ ਜਾਣਗੀਆਂ ਪਰ ਜਦੋਂ ਸਾਡਾ ਖੇਤੀ ਅਤੇ ਪਸ਼ੂ ਧਨ ਬਰਬਾਦ ਹੋ ਗਿਆ ਅਤੇ ਸਾਡੀ ਨਿਰਭਰਤਾ ਵਿਦੇਸ਼ੀ ਵਸਤਾਂ ਤੇ ਵਧ ਗਈ ਤੇ ਉਨ੍ਹਾਂ ਚੀਜਾਂ ਦੇ ਰੇਟ ਮਨਮਰਜੀ ਦੇ ਵਧਾ ਦਿੱਤੇ ਜਾਣਗੇ ਅਤੇ ਅਸੀਂ ਪੂਰਨ ਤੌਰ ਤੇ ਉਨ੍ਹਾਂ ਦੇ ਅਧੀਨ ਹੋ ਜਾਵਾਂਗੇ। ਉਨ੍ਹਾਂ ਕਿਹਾ ਕਿ ਚੀਨ ਸਾਡੀ ਹੱਦ ਤੇ ਬੈਠਾ ਹੈ ਅਤੇ ਮੋਦੀ ਸਰਕਾਰ ਚੀਨ ਨੂੰ ਰੋਕ ਨਹੀਂ ਸਕੀ। ਸਾਬਕਾ ਵਿਧਾਇਕ ਕੋਟਲੀ ਨੇ ਕਿਹਾ ਕਿ ਇਕਲੌਤੀ ਕਾਂਗਰਸ ਪਾਰਟੀ ਦੇਸ਼ ਅਤੇ ਪੰਜਾਬ ਵਿਚ ਮੋਦੀ ਸਰਕਾਰ ਦੀਆਂ ਇਹ ਲੋਕ, ਮਜਦੂਰ, ਕਿਸਾਨ ਅਤੇ ਮਿਹਨਤਕਸ਼ ਲੋਕ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੀ ਹੈ। ਜਿਸ ਨੂੰ ਲੈ ਕੇ 28 ਫਰਵਰੀ ਨੂੰ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬਰਨਾਲਾ ਵਿਖੇ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚ ਰਹੇ ਹਨ। ਉਨ੍ਹਾਂ ਜ਼ਿਲਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਅਤੇ ਹਾਜ਼ਰੀਨ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਰੈਲੀ ਵਿਚ ਵੱਧ ਤੋਂ ਵੱਧ ਭੀੜ ਇਕੱਠੀ ਕੀਤੀ ਜਾਵੇ ਤਾਂ ਜੋ ਕੇਂਦਰ ਦੇ ਇਹ ਲੋਕ ਵਿਰੋਧੀ ਫੈਸਲੇ ਰੱਦ ਕਰਵਾਏ ਜਾ ਸਕਣ।
ਜ਼ਿਲਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜ਼ਿਲਾ ਮਾਨਸਾ ਤੋਂ ਕਾਂਗਰਸ ਵਲੋਂ ਵੱਡਾ ਕਾਫਲਾ ਅਤੇ ਇਕੱਠ 28 ਫਰਵਰੀ ਦੀ ਕਾਂਗਰਸ ਦੀ ਬਰਨਾਲਾ ਰੈਲੀ ਵਿਚ ਸ਼ਮੂਲੀਅਤ ਕਰੇਗਾ। ਇਸ ਲਈ ਵਰਕਰਾਂ, ਨੇਤਾਵਾਂ ਨੇ ਡਿਊਟੀਆਂ ਸੰਭਾਲ ਲਈਆਂ ਹਨ। ਇਸ ਮੌਕੇ ਕੋ ਕੁਆਰਡੀਨੇਟਰ ਕੇ.ਕੇ ਅਗਰਵਾਲ, ਕੋ ਕੁਆਰਡੀਨੇਟਰ ਸਰਦੂਲਗੜ੍ਹ ਰਜਿੰਦਰ ਕੁਮਾਰ ਟੋਨੀ, ਕੋ ਕੁਆਰਡੀਨੇਟਰ ਬੁਢਲਾਡਾ ਯਸ਼ ਬਜੂਆਣਾ, ਕਾਂਗਰਸੀ ਆਗੂ ਬਿਕਰਮ ਮੋਫਰ, ਮਾਈਕਲ ਗਾਗੋਵਾਲ, ਮਨਦੀਪ ਗੋਰਾ, ਚਮਕੌਰ ਸਿੰਘ ਮੂਸਾ, ਰਣਵੀਰ ਕੌਰ ਮੀਆਂ, ਰਕੇਸ਼ ਸਿੰਗਲਾ, ਗੁਰਪ੍ਰੀਤ ਵਿੱਕੀ, ਸੱਤਪਾਲ ਮੂਲੇਵਾਲਾ, ਨਰੋਤਮ ਸਿੰਘ ਚਹਿਲ, ਭੁਪਿੰਦਰ ਗੋਰਾ, ਨਵੀਨ ਕਾਲਾ, ਸੁਖਦਰਸ਼ਨ ਖਾਰਾ, ਸੁਰੇਸ਼ ਨੰਦਗੜ੍ਹੀਆ, ਸਵਰਨ ਖੁਡਾਲ, ਹਰਵਿੰਦਰ ਸਵੀਟੀ, ਸਤਗੁਰ ਸਿੰਘ ਜਲਵੇੜਾ, ਤਰਜੀਤ ਚਹਿਲ, ਖੇਮ ਜਟਾਣਾ, ਹਰਬੰਸ ਖਿੱਪਲ, ਸੰਦੀਪ ਮਹਿਤਾ, ਗੁਰਪ੍ਰੀਤ ਪਿਆਰੀ, ਰਾਮ ਸਿੰਘ ਸਰਦੂਲਗੜ੍ਹ, ਬਲਜੀਤ ਸ਼ਰਮਾ, ਨਰੇਸ਼ ਐਮ.ਸੀ, ਗੁਰਸੇਵਕ ਬਰ੍ਹੇ, ਕੁਲਵੀਰ ਗੁੜੱਦੀ, ਗੁਰਮੀਤ ਬਾਵਾ, ਅਮਰੀਕ ਸਿੰਘ ਢਿੱਲੋ, ਸੁੱਖਾ ਧਲਿਓ, ਅਮਰ ਜਿੰਦਲ, ਮੱਖਣ ਖੁਡਾਲ, ਲਾਲੂ ਭਾਰਦਵਾਜ, ਅਨੂ ਬਰੇਟਾ, ਰਣਦੀਪ ਰਾਏਪੁਰ, ਜਸਵੀਰ ਸਿੰਘ ਸਰਪੰਚ ਰਣਜੀਤ ਦੋਦੜਾ ਆਦਿ ਹਾਜ਼ਰ ਸਨ।























