

ਰਾਏਕੋਟ 28 ਜੁਲਾਈ (ਸਾਰਾ ਯਹਾਂ/ਜੋਨੀ ਜਿੰਦਲ) : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ: 295 ( ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ ) ਦੀ ਜਿਲ੍ਹਾ ਕਮੇਟੀ ਲੁਧਿਆਣਾ ਦੀ ਭਰਵੀਂ ਮੀਟਿੰਗ ਰਾਏਕੋਟ ਵਿਖੇ ਜਿਲ੍ਹਾ ਪ੍ਰਧਾਨ ਡਾ.ਗੁਰਦੀਪ ਸਿੰਘ ਕਲਸੀਆਂ ਅਤੇ ਜਿਲਾ ਸਕੱਤਰ ਡਾ. ਕੁਲਵਿੰਦਰ ਸਿੰਘ ਢਿੱਲੋਂ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਸਰਪ੍ਰਸਤ ਡਾ.ਸੁਰਜੀਤ ਸਿੰਘ ਸੂਬਾ ਮੀਤ ਪ੍ਰਧਾਨ ਡਾ. ਗੁਲਜੀਤ ਸਿੰਘ ਅਤੇ ਪ੍ਰੈਸ ਸਕੱਤਰ ਡਾ. ਚਮਕੌਰ ਸਿੰਘ ਅਤੇ ਜ਼ਿਲ੍ਹਾ ਕਮੇਟੀ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਵੱਖ ਵੱਖ ਬਲਾਕਾਂ ਦੇ ਆਗੂਆਂ ਬਲਾਕ ਰਾਏਕੋਟ ਤੋਂ ਪ੍ਰਧਾਨ ਡਾ. ਤਜਿੰਦਰ ਸਿੰਘ, ਸਕੱਤਰ ਡਾ.ਇੰਦਰਜੀਤ ਸਿੰਘ ਖਜਾਨਚੀ ਡਾ. ਪਰਮਿੰਦਰ ਸਿੰਘ ਜੱਸੀ ਅਤੇ ਸੀਨੀਅਰ ਮੀਤ ਪ੍ਰਧਾਨ ਡਾ.ਹਰਦੀਪ ਸਿੰਘ, ਬਲਾਕ ਗਿੱਲ ਰੋਡ ਤੋਂ ਪ੍ਰਧਾਨ ਡਾ.ਹਰਦੀਪ ਸਿੰਘ ਤੇ ਸਕੱਤਰ ਡਾ.ਓਮ ਪ੍ਰਕਾਸ਼ ਯਾਦਵ, ਬਲਾਕ ਖੰਨਾ- ਸਮਰਾਲਾ ਤੋਂ ਪ੍ਰਧਾਨ ਡਾ.ਜਸਵਿੰਦਰ ਸਿੰਘ ਤੇ ਸਕੱਤਰ ਡਾ.ਜੋਰਾਵਰ ਸਿੰਘ, ਬਲਾਕ ਜਗਰਾਉਂ ਤੋਂ ਆਗੂ ਡਾ.ਮਨਮੋਹਨ ਸਿੰਘ ਅਤੇ ਡਾ.ਕੁਲਦੀਪ ਸਿੰਘ, ਬਲਾਕ ਮੁੱਲਾਂਪੁਰ ਤੋਂ ਪ੍ਰਧਾਨ ਡਾ.ਕਰਨੈਲ ਸਿੰਘ ਅਤੇ ਡਾ.ਹਰਦੀਪ ਸਿੰਘ, ਬਲਾਕ ਫਲੌਰ ਤੋਂ ਡਾ. ਸੰਦੀਪ ਕੁਮਾਰ ਅਤੇ ਸਕੱਤਰ ਡਾ. ਅਰਸ਼ਦੀਪ, ਬਲਾਕ ਅਹਿਮਦ ਗੜੵ ਤੋਂ ਪ੍ਰਧਾਨ ਡਾ.ਬਲਕਾਰ ਸਿੰਘ ਅਤੇ ਸਰਪ੍ਰਸਤ ਡਾ. ਗੁਰ ਪਿਆਰ ਸਿੰਘ ਅਤੇ ਹੋਰ ਸਰਗਰਮ ਕਾਰਜ ਕਰਤਾ ਸ਼ਾਮਿਲ ਹੋਏ।
ਸੂਬਾ ਮੀਤ ਪ੍ਰਧਾਨ ਡਾ. ਗੁਲਜੀਤ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਡਾ. ਚਮਕੌਰ ਸਿੰਘ ਵੱਲੋਂ ਪਿਛਲੇ ਦਿਨੀ ਲੁਧਿਆਣੇ ਅੰਦਰ ਇੱਕ ਅਖੌਤੀ ਸੰਗਠਨ ਡਾ. ਅੰਬੇਦਕਰ ਮਿਸ਼ਨ ਸੈਨਾ ਦੇ ਪ੍ਰਧਾਨ ਰਾਜ ਕੁਮਾਰ ਹੈਪੀ ਤੇ ਹੋਰ ਪੰਜ ਸੱਤ ਬੰਦਿਆਂ ਵੱਲੋਂ ਆਰ ਐਮ ਪੀ ਡਾਕਟਰਾਂ ਖਿਲਾਫ ਅਵਾ ਤਵਾ ਬੋਲਣ ਪੁਤਲਾ ਫੂਕਣ ਅਤੇ ਉਹਨਾਂ ਖਿਲਾਫ ਕਾਰਵਾਈ ਦੀ ਮੰਗ ਕਰਨ ਦੀ ਨਿੰਦਣ ਯੋਗ ਘਟਨਾ ਦੀ ਜੋਰਦਾਰ ਨਿਖੇਧੀ ਕੀਤੀ ਗਈ। ਤੇ ਤਾੜਨਾ ਕੀਤੀ ਗਈ ਕਿ ਜੇ ਸਾਫ ਸੁਥਰੀ ਪੑੈਕਟਿਸ ਕਰਨ ਵਾਲੇ ਸਾਡੇ ਕਿਸੇ ਵੀ ਮੈਂਬਰ ਦੇ ਖਿਲਾਫ ਕੋਈ ਵਧੀਕੀ ਕੀਤੀ ਗਈ ਤਾਂ ਉਸਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸਾਡੀ ਅਸਲ ਲੜਾਈ ਸਰਕਾਰ ਨਾਲ ਹੈ, ਸਾਡੇ ਮਸਲੇ ਤੋਂ ਅਣਜਾਣ ਅਜਿਹੇ ਅਨਾੜੀ ਤੇ ਊਲ ਜਲੂਲ ਹਰਕਤਾਂ ਕਰਨ ਵਾਲੇ ਬਦ ਦਿਮਾਗ ਵਿਅਕਤੀਆਂ ਨਾਲ ਨਹੀਂ। ਇਸ ਲਈ ਇਹਨਾਂ ਨੂੰ ਅਸੀਂ ਕੋਈ ਖਾਸ ਤਵਜੋਂ ਨਹੀਂ ਦਿੰਦੇ। ਪਰ ਜੇ ਇਹਨਾਂ ਨੇ ਸਾਡੀ ਹੱਕੀ ਲੜਾਈ ਚ ਕੋਈ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ।
ਸੂਬਾ ਸਰਪ੍ਰਸਤ ਡਾ. ਸੁਰਜੀਤ ਸਿੰਘ ਵੱਲੋਂ ਅੱਜ ਕੱਲ ਜਥੇਬੰਦੀ ਦੇ ਅਤੇ ਸਾਡੇ ਸਨਮਾਨਿਤ ਆਗੂਆਂ ਖਿਲਾਫ਼ ਕੂੜ ਪ੍ਰਚਾਰ ਕਰਕੇ ਇਸਦੀ ਏਕਤਾ ਚ ਸੰਨ੍ਹ ਲਾਉਣ ਅਤੇ ਤੋੜਨ ਖਿੰਡਾਉਣ ਦੀਆਂ ਕੋਸ਼ਿਸ਼ਾਂ ਚ ਜੁਟੇ ਹੋਏ ਆਪਹੁਦਰੇ ਤੇ ਫੁੱਟ ਪਾਉਣ ਵਾਲਿਆਂ ਤੋਂ ਖਬਰਦਾਰ ਕਰਦੇ ਹੋਏ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਗੁਮਰਾਹ ਹੋਣ ਤੋਂ ਬਚਣ ਅਤੇ ਜਥੇਬੰਦੀ ਦੀ ਰਾਖੀ ਤੇ ਮਜਬੂਤੀ ਲਈ ਡਟ ਜਾਣ । ਇਸ ਖਾਤਰ ਸੂਬਾ ਕਮੇਟੀ ਵੱਲੋਂ ਪੰਜਾਬ ਭਰ ਚ ਜਥੇਬੰਦਕ ਸਿੱਖਿਆ ਕਨਵੈਂਸ਼ਨਾਂ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਜਿਸ ਦੇ ਤਹਿਤ ਜ਼ਿਲ੍ਹੇ ਵੱਲੋਂ ਇੱਕ ਵੱਡੀ ਜ਼ਿਲ੍ਹਾ ਪੱਧਰੀ ਕਨਵੈਂਸ਼ਨ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸਦੀ ਤਰੀਕ ਤੇ ਸਥਾਨ ਬਾਦ ਚ ਨਿਸ਼ਚਿਤ ਕੀਤਾ ਜਾਵੇਗਾ।
ਸਾਡੀ ਪ੍ਰੈਕਟਿਸ ਦੇ ਕਾਨੂੰਨੀ ਅਧਿਕਾਰ ਦੇ ਮਸਲੇ ਸਬੰਧੀ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ 26 ਨਵੰਬਰ 2024 ਨੂੰ ਸਾਡੀ ਸੂਬਾ ਕਮੇਟੀ ਨਾਲ ਚੰਡੀਗੜ੍ਹ ਸਕੱਤਰੇਤ ਵਿਖੇ ਪੈਨਲ ਮੀਟਿੰਗ ਕੀਤੀ ਗਈ ਸੀ। ਜਿਸ ਵਿੱਚ ਉਹਨਾਂ ਵੱਲੋਂ ਟ੍ਰੇਨਿੰਗ ਦਾ ਕੋਈ ਪ੍ਰੋਗਰਾਮ ਜਲਦੀ ਹੀ ਸ਼ੁਰੂ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ ਸੀ। ਅੱਜ ਅੱਠ ਮਹੀਨ ਬੀਤ ਗਏ ਹਨ । ਪਰ ਅਜੇ ਤੱਕ ਸਰਕਾਰ ਨੇ ਇਸ ਸਬੰਧੀ ਕੱਖ ਨਹੀਂ ਕੀਤਾ। ਸੋ ਕੰਨਾਂ ਘੇਸਲ ਮਾਰੀ ਬੈਠੀ ਮਾਨ ਸਰਕਾਰ ਦੇ ਕੰਨ ਖੋਲ੍ਹਣ ਲਈ ਅਗਲੇ ਵੱਡੇ ਸੰਘਰਸ਼ ਲਈ ਤਿਆਰ ਹੋਣ ਦਾ ਸੱਦਾ ਦਿੱਤਾ ਗਿਆ।
ਕਿਸੇ ਦੁੱਖ ਮੁਸੀਬਤ ਦੀ ਘੜੀ ‘ਚ ਮੈਂਬਰ ਸਾਥੀਆਂ ਦੀ ਮਾਲੀ ਤੇ ਹਰ ਤਰ੍ਹਾਂ ਦੀ ਮਦਦ ਕਰਨ ਦੀ ਤੈਹ ਸ਼ੁਧਾ ਨੀਤੀ ਮੁਤਾਬਕ ਮੁੱਲਾਂਪੁਰ ਬਲਾਕ ਦੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਇੱਕ ਮੈਂਬਰ ਸਾਥੀ ਦੀ ਮਾਲੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਸਬੰਧੀ ਕੁਝ ਆਰਥਿਕ ਸਹਾਇਤਾ ਫੌਰੀ ਤੌਰ ਤੇ ਇਕੱਤਰ ਕਰਕੇ ਮੁੱਲਾਂਪੁਰ ਦੇ ਪ੍ਰਧਾਨ ਡਾ. ਕਰਨੈਲ ਸਿੰਘ ਦੇ ਸਪੁਰਦ ਕੀਤੇ ਗਏ।
ਅੰਤ ਵਿੱਚ ਜ਼ਿਲ੍ਹਾ ਕਮੇਟੀ ਵਿੱਚ ਪਹਿਲੀ ਵਾਰ ਸ਼ਾਮਿਲ ਹੋਏ ਬਲਾਕ ਫਿਲੌਰ ਦੇ ਪ੍ਰਧਾਨ ਡਾ.ਸੰਦੀਪ ਕੁਮਾਰ ਨੂੰ ਸਨਮਾਨਿਤ ਕੀਤਾ ਗਿਆ।























