

ਮਾਨਸਾ 11 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲ੍ਹੋ ਸਿੱਖਿਆ ਵਿਭਾਗ ਚ 672 ਰੈਗੂਲਰ ਮੁੱਖ
ਅਧਿਆਪਕ ਪੀ ਈ ਐਸ-2 ਦੀ ਟੈਸਟ ਰਾਹੀ ਕੀਤੀ ਸਿੱਧੀ ਭਰਤੀ ਚ ਮਾਨਸਾ ਨੇ ਇਕ ਵਾਰ ਫਿਰ ਪੰਜਾਬ ਭਰ ਚੋਂ ਬਾਜੀ ਮਾਰੀ ਹੈ, ਸਰਕਾਰੀ
ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਦਾ ਅਧਿਆਪਕ ਮਨਦੀਪ ਕੁਮਾਰ 267.67 ਅੰਕ ਪ੍ਰਾਪਤ ਕਰਕੇ ਰਾਜ ਭਰ ਚੋਂ ਪਹਿਲਾ ਸਥਾਨ ਹਾਸਲ
ਕੀਤਾ ਹੈ, ਇਸ ਤੋਂ ਪਹਿਲਾ ਵੀ ਲੈਕਚਰਾਰ ਅਤੇ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਦੌਰਾਨ ਪ੍ਰਿੰਸੀਪਲ ਡਾ ਬੂਟਾ ਸਿੰਘ ਬੋੜਾਵਾਲ ਅਤੇ ਅਰੁਣ ਕੁਮਾਰ
ਗੋਇਲ ਨੇ ਪੰਜਾਬ ਭਰ ਚੋ ਮੋਹਰੀ ਸਥਾਨ ਪ੍ਰਾਪਤ ਕੀਤਾ ਸੀ।
ਸਿੱਖਿਆ ਵਿਭਾਗ ਵੱਲ੍ਹੋ ਕਈ ਦਹਾਕਿਆਂ ਬਾਅਦ ਕੀਤੀਆਂ ਗਈਆਂ ਇਹ ਭਰਤੀਆਂ ਅਧਿਆਪਕਾਂ ਲਈ ਵਰਦਾਨ ਸਿੱਧ ਹੋ ਰਹੀਆ
ਹਨ, ਸੈਂਕੜੇ ਅਧਿਆਪਕ ਛੋਟੀ ਉਮਰੇ ਆਪਣੀ ਕਾਬਲੀਅਤ ਕਾਰਨ ਹੈੱਡ ਟੀਚਰ,ਸੈਂਟਰ ਹੈੱਡ ਟੀਚਰ, ਬੀ ਪੀ ਈ ਓ, ਲੈਕਚਰਾਰ, ਮੁੱਖ
ਅਧਿਆਪਕ ਅਤੇ ਪ੍ਰਿੰਸੀਪਲ ਤੱਕ ਦੇ ਅਹੁਦਿਆਂ ਤੇ ਬਿਰਾਜਮਾਨ ਹੋਏ ਹਨ।
ਹਾਲ ਹੀ ਵਿਚ ਮੁੱਖ ਅਧਿਆਪਕਾਂ ਦੀ ਸਿੱਧੀ ਭਰਤੀ ਰਾਹੀ ਮੋਹਰੀ ਰਹਿਣ ਵਾਲੇ ਮਨਦੀਪ ਕੁਮਾਰ 37 ਸਾਲ ਦੀ ਉਮਰ ਵਿੱਚ ਮੁੱਖ
ਅਧਿਆਪਕ ਵਜੋਂ ਸਫਲ ਹੋਇਆ ਹੈ। ਉਸਦਾ ਕਹਿਣਾ ਸੀ ਕਿ ਜੇਕਰ ਸਿੱਧੀ ਭਰਤੀ ਨਾ ਹੁੰਦੀ ਜਾਂ ਪਾਰਦਰਸ਼ੀ ਤਰੀਕੇ ਨਾਲ ਇਹ ਭਰਤੀ ਸਿਰੇ ਨਾ
ਚੜ੍ਹਦੀ ਤਾਂ ਉਸਨੇ ਲੰਬਾ ਅਰਸਾ ਇਸ ਅਹੁਦੇ ਦੇ ਕਾਬਲ ਨਹੀਂ ਬਣਨਾ ਸੀ। ਇਸ ਤੋਂ ਪਹਿਲਾਂ ਮਨਦੀਪ ਸਿੰਘ ਨੇ 2006 ਵਿੱਚ ਐਸ.ਐਸ.
ਮਾਸਟਰ ਦੀ ਭਰਤੀ ਦੌਰਾਨ ਪੰਜਾਬ ਵਿਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਸੀ ਅਤੇ ਇਸੇ ਸਾਲ ਉਸਨੇ ਯੂ.ਜੀ.ਸੀ. ਨੈੱਟ ਦਾ ਪੇਪਰ ਪਹਿਲੇ ਹੱਲੇ
ਕਲੀਅਰ ਕੀਤਾ। ਇਸ ਤੋਂ ਪਹਿਲਾਂ ਪ੍ਰਿੰਸੀਪਲ ਬਣੇ ਡਾ ਬੂਟਾ ਸਿੰਘ ਬੋੜਾਵਾਲ ਨੇ ਜਿੱਥੇ ਪੀ.ਈ.ਐਸ. ਦੀ ਭਰਤੀ ਦੌਰਾਨ ਚੰਗਾ ਰੈਂਕ ਪ੍ਰਾਪਤ ਕੀਤੇ
ਉੱਥੇ ਲੈਕਚਰਾਰ ਭਰਤੀ ਪ੍ਰੀਖਿਆ ਵਿਚੋਂ ਵੀ ਚੰਗੀ ਕਾਰਗੁਜਾਰੀ ਦਿਖਾਉਂਦਿਆਂ ਸੂਬੇ ਭਰ ਵਿਚੋਂ ਪਹਿਲਾ ਰੈਂਕ ਪ੍ਰਾਪਤ ਕੀਤਾ ਸੀ। ਗਣਿਤ ਦਾ
ਮਾਸਟਰ ਮਾਈਡ ਅਤੇ ਰਾਸ਼ਟਰਪਤੀ ਹੱਥੋਂ ਸਨਮਾਨਿਤ ਹੋਣ ਵਾਲੇ ਅਰੁਣ ਕੁਮਾਰ ਨੇ ਵੀ ਥੋੜਾ ਸਮਾਂ ਪਹਿਲਾਂ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਦੌਰਾਨ
ਰਾਜ ਭਰ ਵਿਚੋਂ ਪਹਿਲਾ ਸਥਾਨ ਆਪਣੀ ਝੋਲੀ ਪਾਉਂਦਿਆਂ ਮਾਨਸਾ ਜਿਲ੍ਹੇ ਦਾ ਨਾਂ ਚਮਕਾਇਆ ਸੀ। ਇਨ੍ਹਾਂ ਮੋਹਰੀ ਰਹੇ ਅਧਿਆਪਕਾਂ ਦਾ ਕਹਿਣਾ
ਹੈ ਕਿ ਸਿੱਖਿਆ ਵਿਭਾਗ ਚ ਪਾਰਦਰਸ਼ੀ ਤਰੀਕੇ ਨਾਲ ਹੋਈਆਂ ਇਨ੍ਹਾਂ ਭਰਤੀਆਂ ਕਾਰਨ ਜਿਥੇਂ ਕਾਬਲੀਅਤ ਦਾ ਸਨਮਾਨ ਹੋਇਆ ਹੈ,ਉਥੇਂ ਹੋਰਨਾਂ
ਅਧਿਆਪਕਾਂ ਨੂੰ ਵੀ ਚੰਗੇ ਭਵਿੱਖ ਦੀ ਆਸ ਨਜ਼ਰ ਪਈ ਹੈ।
ਇਨ੍ਹਾਂ ਚੰਗੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਰਾਜਵੰਤ ਕੌਰ, ਉਪ ਜਿਲ੍ਹਾ ਸਿੱਖਿਆ
ਅਫਸਰ ਜਗਰੂਪ ਭਾਰਤੀ, ਡਿਪਟੀ ਡੀ.ਈ.ਓ. (ਐਲੀ.ਸਿ.) ਗੁਰਲਾਭ ਸਿੰਘ, ਜਿਲ੍ਹਾ ਖੇਡ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਬੇਸ਼ੱਕ
ਪਿਛਲੇ ਸਮੇਂ ਦੌਰਾਨ ਅਸਾਮੀਆਂ ਦੇ ਮਾਮਲੇ ਵਿੱਚ ਇੱਥੇ ਕਮੀਆਂ ਰਹੀਆਂ ਹਨ ਪਰ ਇੱਥੋਂ ਦੇ ਅਧਿਆਪਕਾਂ ਨੇ ਆਪਣੀ ਮਿਹਨਤ ਮੁਸ਼ੱਕਤ ਨਾਲ
ਵੱਖ ਵੱਖ ਭਰਤੀਆਂ ਦੌਰਾਨ ਜਿੱਥੇ ਖੁਦ ਮੋਹਰੀ ਸਥਾਨ ਪ੍ਰਾਪਤ ਕੀਤੇ ਹਨ ਉੱਥੇ ਦਸਵੀਂ, ਬਾਰ੍ਹਵੀਂ ਦੇ ਨਤੀਜਿਆਂ ਦੌਰਾਨ ਵਿਦਿਆਰਥੀਆਂ ਨੇ ਵੀ
ਪੰਜਾਬ ਭਰ ਵਿਚੋਂ ਪਿਛਲੇ ਸਮਿਆਂ ਦੌਰਾਨ ਪਹਿਲੇ-ਦੂਜੇ ਸਥਾਨਾਂ ਨੂੰ ਪ੍ਰਾਪਤ ਕੀਤਾ ਹੈ।























