ਮੁਹਾਲੀ ‘ਚ ਵੀ ਔਰਤਾਂ ਨਹੀਂ ਸੁਰੱਖਿਅਤ, ਮਹਿਲਾ ਪੱਤਰਕਾਰ ਦੀ ਸ਼ਿਕਾਇਤ ‘ਤੇ ਵੀ ਸੁੱਤੀ ਰਹੀ ਪੁਲਿਸ

0
35

ਚੰਡੀਗੜ੍ਹ: ਪੰਜਾਬ ਪੁਲਿਸ ਦੀ ਨਾਅਹਿਲੀਅਤ ਦੇ ਕਿੱਸੇ ਜੱਗ ਜ਼ਾਹਰ ਹਨ, ਪਰ ਤਾਜ਼ਾ ਘਟਨਾ ਤੋਂ ਪੁਲਿਸ ਪ੍ਰਸ਼ਾਸਨ ਦੇ ਫੇਲ੍ਹ ਹੋਣ ਦਾ ਸਬੂਤ ਮਿਲਦਾ ਹੈ।  ਮਹਿਲਾ ਪੱਤਰਕਾਰ ਨੇ ਕੁਝ ਬਦਮਾਸ਼ਾਂ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਪਰ ਅੱਗਿਓਂ ਪੁਲਿਸ ਦਾ ਰਵੱਈਆ ਹੈਰਾਨ ਕਰ ਦੇਣ ਵਾਲਾ ਸੀ।

ਸੋਮਵਾਰ ਸਵੇਰ ਮੁਹਾਲੀ ਦੇ ਫੇਜ਼ 3 ਬੀ-2 ਦੇ ਬਾਜ਼ਾਰ ਵਿੱਚ ਉਕਤ ਪੱਤਰਕਾਰ ਨੂੰ ਪੰਜਾਬ ਦੀ ਰਜਿਸਟਰ ਵਿਟਾਰਾ ਬ੍ਰੇਜ਼ਾ ਕਾਰ (ਜਿਸ ਦੀ ਰਜਿਸਟ੍ਰੇਸ਼ਨ ਨੰਬਰ ਦੇ ਆਖ਼ਰੀ ਚਾਰ ਅੰਕ 8881 ਸਨ) ਵਿੱਚ ਬੈਠੇ ਚਾਰ ਬਦਮਾਸ਼ਾਂ ਨੇ ਭੱਦੀਆਂ ਟਿੱਪਣੀਆਂ ਕੀਤੀਆਂ। ਪੱਤਰਕਾਰ ਨੇ ਇਸ ਦੀ ਸ਼ਿਕਾਇਤ ਤੁਰੰਤ ਪੁਲਿਸ ਨੂੰ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੰਟਰਨੈੱਟ ‘ਤੇ ਮੌਜੂਦ ਨੇੜਲੇ ਪੁਲਿਸ ਸਟੇਸ਼ਨ ਦਾ ਨੰਬਰ ਹੀ ਗ਼ਲਤ ਨਿਕਲਿਆ।

ਇਸ ਤੋਂ ਬਾਅਦ ਪੱਤਰਕਾਰ ਨੇ ਤੁਰੰਤ 100 ਨੰਬਰ ਡਾਇਲ ਕੀਤਾ ਜੋ ਕੁਝ ਸੈਕੰਡ ਬਾਅਦ ਹੀ ਕੱਟਿਆ ਗਿਆ। ਫਿਰ ਲਗਾਤਾਰ ਅੱਠ ਵਾਰ ਫ਼ੋਨ ਕਰਨ ਮਗਰੋਂ ਗੱਲ ਹੋਈ। ਇਸ ਦੌਰਾਨ ਪੀਸੀਆਰ ਮੁਲਾਜ਼ਮ ਨੇ ਬੜੀ ਖਰ੍ਹਵੀ ਭਾਸ਼ਾ ਵਰਤੀ। ਇਸ ਤੋਂ ਬਾਅਦ ਪੱਤਰਕਾਰ ਦੇ ਫ਼ੋਨ ‘ਤੇ ਅਣਜਾਣ ਨੰਬਰ ਤੋਂ ਕਾਲ ਆਈ ਤੇ ਖ਼ੁਦ ਨੂੰ ਪੁਲਿਸ ਮੁਲਾਜ਼ਮ ਦੱਸਣ ਵਾਲੇ ਲਵਪ੍ਰੀਤ ਸਿੰਘ ਨੇ ਵੀ ਪੀੜਤਾ ਤੋਂ ਬਦਮਾਸ਼ਾਂ ਦੇ ਵੇਰਵੇ ਜਾਣਨ ਦੀ ਬਜਾਏ ਉਸ ਦੀ ਮੌਜੂਦਾ ਥਾਂ ਜਾਣਨ ਬਾਰੇ ਵੱਧ ਦਿਲਚਸਪੀ ਦਿਖਾਈ।

ਲਵਪ੍ਰੀਤ ਸਿੰਘ ਨੂੰ ਤਾੜਨਾ ਕਰਨ ਦੇ ਬਾਵਜੂਦ ਉਸ ਨੇ ਆਪਣਾ ਲਹਿਜ਼ਾ ਨਹੀਂ ਸਹੀ ਕੀਤੀ ਤੇ ਕਹਿਣ ਲੱਗਾ ਕਿ ਸਾਨੂੰ ਦੋ ਸਾਲ ਹੋ ਗਏ ਭਰਤੀ ਹੋਏ ਨੂੰ ਅਸੀਂ ਏਦਾਂ ਹੀ ਗੱਲ ਕਰਦੇ ਹਾਂ, ਸਾਨੂੰ ਸਾਰੀਆਂ ਕੁੜੀਆਂ ਆਪਣੀਆਂ ਲੋਕੇਸ਼ਨ ਦੱਸ ਦਿੰਦੀਆਂ ਹਨ ਤੇ ਤੁਸੀਂ ਸਹਿਯੋਗ ਨਹੀਂ ਦੇ ਰਹੇ। ਇਹ ਸਭ ਗੱਲਾਂ ਬੋਲਣ ਤੋਂ ਬਾਅਦ ਵੀ ਉਸ ਮੁਲਾਜ਼ਮ ਨੂੰ ਛੇੜਛਾੜ ਕਰਨ ਵਾਲੇ ਬਦਮਾਸ਼ਾਂ ਦੀ ਗੱਡੀ ਦਾ ਨੰਬਰ ਜਾਣਨਾ ਲਾਜ਼ਮੀ ਨਹੀਂ ਲੱਗਾ। ਜਦ ਉਸ ਨੂੰ ਪੀੜਤਾ ਦੇ ਪੱਤਰਕਾਰ ਹੋਣ ਬਾਰੇ ਪਤਾ ਲੱਗਾ ਤਾਂ ਫਿਰ ਕਾਰ ਦਾ ਨੰਬਰ ਦੱਸਣ ਉਪਰੰਤ ਕਿਸੇ ਕਾਰਵਾਈ ਲਈ ਕਹਿਣ ਲੱਗਾ।

ਇਹ ਕੋਈ ਪਹਿਲਾ ਵਾਕਿਆ ਨਹੀਂ ਜਦ ਮੁਹਾਲੀ ਪੁਲਿਸ ਨੇ ਲੋਕਾਂ ਨੂੰ ਆਪਣੀਆਂ ਟੈਲੀਫ਼ੋਨਿਕ ਸੇਵਾਵਾਂ ਰਾਹੀਂ ਮਦਦ ਪਹੁੰਚਾਉਣ ਵਿੱਚ ਨਾਅਹਿਲੀਅਤ ਦਿਖਾਈ ਹੋਵੇ। ਕਈ ਹੋਰਾਂ ਨੇ ਵੀ ਸ਼ਿਕਾਇਤ ਕੀਤੀ ਕਿ ਮੁਹਾਲੀ ਵਿੱਚ ਮੋਬਾਈਲ ਤੋਂ 100 ਨੰਬਰ ‘ਤੇ ਕਾਲ ਹੀ ਨਹੀਂ ਹੁੰਦੀ, ਪਰ ਪੁਲਿਸ ਪ੍ਰਸ਼ਾਸਨ ਸ਼ਾਇਦ ਇਨ੍ਹਾਂ ਤਕਨੀਕੀ ਖਾਮੀਆਂ ਨੂੰ ਦੂਰ ਕਰਨ ਲਈ ਕਿਸੇ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਹੀ ਜਾਪਦੀ ਹੈ। ‘ਏਬੀਪੀ ਸਾਂਝਾ’ ਨੇ ਪੂਰੇ ਮਾਮਲੇ ‘ਤੇ ਮੁਹਾਲੀ ਦੇ ਪੁਲਿਸ ਕਪਤਾਨ ਕੁਲਦੀਪ ਚਹਿਲ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਛੁੱਟੀ ‘ਤੇ ਸਨ ਅਤੇ ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿੱਚ ਕਿਸੇ ਹੋਰ ਨੇ ਇਸ ਬਾਰੇ ਸਫਾਈ ਦੇਣ ਦੀ ਹਿੰਮਤ ਨਹੀਂ ਦਿਖਾਈ।


EDITED BY : SARA YAHA | | Last Updated : 7:47 pm 11 ਫ਼ਰਵਰੀ 2019

LEAVE A REPLY

Please enter your comment!
Please enter your name here