

ਮਾਨਸਾ, 25 ਮਈ (ਪੱਤਰ ਪੇਰ੍ਰਕਾ ) ਸਿਵਲ ਸਰਜਨ ਮਾਨਸਾ ਡਾ. ਅਨੂਪ ਕੁਮਾਰ ਨੇ ਕਿਹਾ ਕਿ ਮੀਜ਼ਲ ਰੁਬੇਲਾ ਦਾ ਟੀਕਾ ਆਪਣੇ ਬੱਚਿਆਂ ਦੇ ਲਗਾਉਣ ਲਈ ਮਾਪੇ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ, ਤਾਂ ਜੋ ਬੱਚਿਆਂ ਨੂੰ ਮੀਜ਼ਲ (ਖਸਰਾ) ਰੁਬੈਲਾ ਨਾਲ ਹੋਣ ਵਾਲੀਆਂ ਮਾਰੂ ਬਿਮਾਰੀਆਂ ਅਤੇ ਅਪੰਗਤਾ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਮੀਜ਼ਲ-ਰੁਬੇਲਾ ਟੀਕਾਕਰਨ ਬਹੁਤ ਹੀ ਵਧੀਆ ਢੰਗ ਨਾਲ ਚੱਲ ਰਿਹਾ ਹੈ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੰਜੀਵ ਓਬਰਾਏ ਨੇ ਦੱਸਿਆ ਕਿ ਜ਼ਿਲ੍ਹ੍ਰਾ ਮਾਨਸਾ ਵਿੱਚ 9 ਮਹੀਨਿਆਂ ਤੋਂ 15 ਸਾਲ ਦੀ ਉਮਰ ਤੱਕ ਦੇ ਕਰੀਬ 68 ਹਜ਼ਾਰ ਬੱਚਿਆਂ ਦਾ ਮੀਜ਼ਲ ਰੁਬੇਲਾ ਟੀਕਾਕਰਨ ਕੀਤਾ ਜਾ ਚੁੱਕਾ ਹੈ ਅਤੇ ਸਾਰੇ ਬੱਚੇ ਤੰਦਰੁਸਤ ਹਨ। ਉਨ੍ਹਾਂ ਦੱਸਿਆ ਕਿ ਮੀਜ਼ਲ (ਖਸਰਾ), ਰੁਬੇਲਾ ਮੁਹਿੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਕੂਲਾਂ ਵਿੱਚ ਮਾਪਿਆਂ ਅਤੇ ਅਧਿਆਪਕਾਂ ਨਾਲ ਮੀਟਿੰਗਾਂ ਕਰਕੇ ਮੀਜ਼ਲ (ਖਸਰਾ) ਅਤੇ ਰੁਬੇਲਾ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਡਿਪਟੀ ਮਾਸ ਮੀਡੀਆ ਅਫ਼ਸਰ ਸ਼੍ਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਟੀਕਾਕਰਨ ਮੁਹਿੰਮ ਦੀ ਸੁਰੂਆਤ ਭਾਈ ਬਹਿਲੋ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਨੇ ਆਪਣੇ ਦੋ ਬੱਚਿਆਂ ਦਾ ਟੀਕਾਕਰਨ ਕਰਵਾ ਕੇ ਕੀਤੀ। ਇਸਤੋਂ ਇਲਾਵਾ ਸੰਤ ਬਾਬਾ ਬੱਗਾ ਸਿੰਘ ਪਬਲਿਕ ਸਕੂਲ ਹੀਰੋਂ ਕਲਾਂ, ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਭੀਖੀ, ਮੈਰੀ ਇੰਟਰਨੈਸ਼ਨਲ ਸਕੂਲ ਮੱਤੀ, ਰਣਵੀਰ ਇੰਟਰਨੈਸ਼ਨਲ ਸਕੂਲ ਮੱਤੀ ਅਤੇ ਸੀਨੀਅਰ ਸੈਕੰਡਰੀ ਸਕੂਲ ਤੇ ਅਕੈਡਮੀ ਫਫੜੇ ਭਾਈਕੇ ਵਿਖੇ ਅਧਿਆਪਕਾਂ ਅਤੇ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਦੱਸਿਆ ਗਿਆ ਕਿ ਮੀਜ਼ਲ ਅਤੇ ਰੁਬੇਲਾ ਦੋਵੇਂ ਹੀ ਭਿਆਨਕ ਬਿਮਾਰੀਆਂ ਹਨ ਜਿਸ ਨਾਲ ਭਾਰਤ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਅਤੇ ਅਪੰਗਤਾ ਹੋ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਟੀਕਾ ਪਿਛਲੇ 30 ਸਾਲਾਂ ਤੋਂ ਐਮ.ਐਮ.ਆਰ ਦੇ ਨਾਮ ‘ਤੇ ਮਹਿੰਗੇ ਰੇਟਾਂ ਉਪਰ ਲੋਕਾਂ ਵੱਲੋਂ ਪ੍ਰਾਈਵੇਟ ਤੌਰ ‘ਤੇ ਲਗਵਾਇਆ ਜਾ ਰਿਹਾ ਹੈ। ਬੱਚਿਆਂ ਦੇ ਸਿਹਤਮੰਦ ਭਵਿੱਖ ਲਈ ਟੀਕਾਕਰਨ ਕਰਵਾ ਕੇ ਮਾਰੂ ਬਿਮਾਰੀਆਂ ਤੋਂ ਬਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਮਨ ਵਿੱਚ ਕੋਈ ਸ਼ੰਕਾ ਹੈ, ਤਾਂ ਸਿਹਤ ਵਿਭਾਗ ਦੇ ਡਾਕਟਰਾਂ ਜਾਂ ਸਿਹਤ ਕਰਮਚਾਰੀਆਂ ਤੋਂ ਜਾਣਕਾਰੀ ਲਈ ਜਾ ਸਕਦੀ ਹੈ।
EDITED BY : SARA YAHA | | Last Updated : 25 May 2018






















