

ਮਾਨਸਾ 24 ਫਰਵਰੀ (ਬਪਸ): ਮਿਡ-ਡੇ-ਮੀਲ ਵਰਕਰ ਯੂਨੀਅਨ (ਸੀਟੂ) ਬਲਾਕ ਸਰਦੂਲਗੜ੍ਹ ਦੀ ਇੱਕ ਅਹਿਮ ਮੀਟਿੰਗ ਫੱਤਾ ਮਾਲੂਕਾ ਵਿਖੇ ਜੱਥੇਬੰਦੀ ਦੇ ਬਲਾਕ ਪ੍ਰਧਾਨ ਰਾਜ ਕੌਰ ਝੰਡੂਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਮਿਡ-ਡੇ-ਮੀਲ ਵਰਕਰਾਂ ਦੀ ਲੁੱਟ ਸਭ ਤੋਂ ਵੱਧ ਕਰ ਰਹੀਆਂ ਹਨ। ਮਿਡ-ਡੇ-ਮੀਲ ਵਰਕਰਾਂ ਨੂੰ ਪ੍ਰਤੀ ਦਿਨ ਸਿਰਫ 40 ਰੁਪਏ ਤੋਂ ਘੱਟ ਉਜਰਤ ਦੇ ਕੇ ਆਪਣਾ ਮਿਹਨਤਕਸ਼ ਵਿਰੋਧੀ ਚਿਹਰਾ ਜਨਤਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਿਡ-ਡੇ-ਮੀਲ ਵਰਕਰ ਲੰਮੇ ਸਮੇਂ ਤੋਂ ਮਜਦੂਰ ਦਾ ਦਰਜਾ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੇ ਹਨ ਪਰ ਸਰਕਾਰਾਂ ਦੇ ਕੰਨ ਤੋਂ ਜੂੰ ਨਹੀਂ ਸਿਰਕਦੀ। ਉਨ੍ਹਾਂ ਮੰਗ ਕੀਤੀ ਕਿ ਮਿਡ-ਡੇ-ਮੀਲ ਵਰਕਰਾਂ ਨੂੰ ਫੋਰੀ ਤੌਰ ਤੇ ਮਜਦੂਰ ਦਾ ਦਰਜਾ ਦੇ ਕੇ ਘੱਟੋ-ਘੱਟ ਉਜਰਤਾਂ ਦੇ ਦਾਇਰੇ ਵਿੱਚ ਸ਼ਾਮਿਲ ਕੀਤਾ ਜਾਵੇ। ਮਿਡ-ਡੇ-ਮੀਲ ਸਕੀਮ ਦਾ ਘੇਰਾ ਵਧਾ ਕੇ ਨੌਵੀਂ ਕਲਾਸ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਵੀ ਇਸ ਸਕੀਮ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਹੋਰ ਮਿਡ-ਡੇ-ਮੀਲ ਵਰਕਰਾਂ ਦੀ ਭਰਤੀ ਕੀਤੀ ਜਾਵੇ। ਇਸ ਮੌਕੇ ਤੇ ਮਿਡ-ਡੇ-ਮੀਲ ਵਰਕਰ ਯੂਨੀਅਨ (ਸੀਟੂ) ਦੇ ਬਲਾਕ ਪ੍ਰਧਾਨ ਰਾਜ ਕੌਰ ਝੰਡੂਕੇ ਤੇ ਸੀਟੂ ਆਗੂ ਤੇਜਾ ਸਿੰਘ ਹੀਰਕੇ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਮਿਡ-ਡੇ-ਮੀਲ ਵਰਕਰਾਂ ਨੂੰ 3500 ਰੁਪਏ ਪ੍ਰਤੀ ਮਹੀਨਾ ਉਜਰਤਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੰਜਾਬ ਸਰਕਾਰ ਹਰਿਆਣੇ ਦੇ ਬਰਾਬਰ ਵੀ ਉਜਰਤਾਂ ਦੇਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ 28 ਫਰਵਰੀ ਨੂੰ ਜਿਲ੍ਹਾ ਹੈੱਡ ਕੁਆਟਰ ਮਾਨਸਾ ਵਿਖੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਮਿਡ-ਡੇ-ਮੀਲ ਵਰਕਰ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੇ ਅਤੇ 31 ਮਾਰਚ ਨੂੰ ਚੰਡੀਗੜ੍ਹ ਵਿਖੇ ਕੈਪਟਨ ਸਰਕਾਰ ਦੇ ਖਿਲਾਫ਼ ਰੋਸ ਮੁਜਾਹਰਾ ਕੀਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਪਿਆਰ ਸਿੰਘ ਫੱਤਾ, ਸੰਕਰ ਸਿੰਘ ਜਟਾਣਾ, ਗੁਰਮੀਤ ਕੌਰ ਝੰਡੂਕੇ, ਤੇਜ ਕੌਰ ਫੱਤਾ, ਰਾਣੀ ਕੌਰ, ਗੁਰਚਰਨ ਕੌਰ ਅਤੇ ਸਰੂਪ ਫੱਤਾ ਆਦਿ ਹਾਜ਼ਰ ਸਨ।























