

ਮਾਨਸਾ, 8 ਜੂਨ (ਬਲਜੀਤ ਸ਼ਰਮਾ )-ਸਥਾਨਕ ਕੈਂਚੀਆਂ ਤੇ ਬੀਤੇ ਦਿਨੀਂ ਯੂਥ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬੱਗੀ ਜਟਾਣਾ ਦਾ ਕਤਲ ਕਰਨ ਵਾਲੇ 5 ਦੋਸ਼ੀਆਂ ਨੂੰ ਅੱਜ 8 ਦਿਨਾਂ ਦਾ ਪੁਲਸ ਰਿਮਾਂਡ ਖਤਮ ਹੋਣ ਤੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਇਨ੍ਹਾਂ 5 ਵਿਅਕਤੀਆਂ ਦੇ ਨਾਲ 2 ਹੋਰ ਵਿਅਕਤੀਆਂ ਨੂੰ ਵੀ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਥ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਬੱਗੀ ਜਟਾਣਾ ਦੇ ਕਤਲ ਦੇ ਮਾਮਲੇ ਵਿਚ ਮਾਨਸਾ ਪੁਲਸ ਵਲੋਂ ਨਿੱਕਾ ਜਟਾਣਾ, ਰੋਹਿਤ ਕੁਮਾਰ ਵਾਸੀ ਜੰਡਿਆਲਾ ਗੁਰੂ, ਸੁਖਦੇਵ ਸਿੰਘ ਉਰਫ ਸੇਬੂ ਵਾਸੀ ਮੋਗਾ, ਗੁਰਵਿੰਦਰ ਸਿੰਘ ਵਾਸੀ ਮੋਗਾ ਅਤੇ ਸਤਕਾਰ ਸਿੰਘ ਵਾਸੀ ਬਾਘਾ ਪੁਰਾਣਾ ਕੋਲੋਂ ਪੁਲਸ ਰਿਮਾਂਡ ਦੌਰਾਨ ਬੜੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਪਰ ਪੁਲਸ ਨੇ ਇਸ ਸਬੰਧੀ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪੰ੍ਰਤੂ ਪਤਾ ਲੱਗਾ ਹੈ ਕਿ ਪੁਲਸ ਰਿਮਾਂਡ ਦੌਰਾਨ ਇਨ੍ਹਾਂ ਦੋਸ਼ੀਆਂ ਵਲੋਂ ਕਬੂਲਿਆ ਕਿ ਉਨ੍ਹਾਂ ਵਲੋਂ ਜ਼ਿਲੇ ਦੇ ਸ਼ਹਿਰ ਸਰਦੂਲਗੜ੍ਹ ਵਿਖੇ ਇਕ ਆੜ੍ਹਤੀਏ ਨੂੰ ਵੀ ਲੁੱਟਣ ਦਾ ਯਤਨ ਕੀਤਾ ਸੀ। ਜਿਸ ਤਹਿਤ ਸਰਦੂਲਗੜ੍ਹ ਪੁਲਸ ਜਲਦ ਪ੍ਰੋਟੇਕਸ਼ਨ ਵਰੰਟ ਲੈ ਕੇ ਜ਼ਿਲਾ ਜੇਲ ਮਾਨਸਾ ਤੋਂ ਸਿੱਧਾ ਸਰਦੂਲਗੜ੍ਹ ਲਿਜਾਣ ਦੀ ਤਿਆਰੀ ‘ਚ ਹੈ। ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਪੰਜਾਬ ਅਤੇ ਹੋਰ ਬਾਹਰਲੇ ਸੂਬਿਆਂ ਤੋਂ ਹੋਰ ਬਹੁਤ ਸਾਰੀਆਂ ਕਾਰਾਂ ਗੱਡੀਆਂ ਖੋਹਣ ਅਤੇ ਲੁੱਟਾਂ-ਖੋਹਾਂ ਅਤੇ ਕਤਲਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲੀ ਹੈ।
ਰਿਮਾਂਡ ਦੌਰਾਨ ਪੁਲਸ ਨੇ ਜਿੱਥੇ ਕਤਲ ਵਿਚ ਵਰਤੇ ਹਥਿਆਰ ਬਰਾਮਦ ਕਰ ਲਏ ਹਨ ਉਥੇ ਹੀ ਇਨ੍ਹਾਂ ਦੀ ਨਿਸ਼ਾਨਦੇਹੀ ਤੇ ਗੁਰਜੰਟ ਸਿੰਘ ਥੱਥੀਆਂ ਅਤੇ ਸੁਰਕੀਰਤ ਸਿੰਘ ਬਟਾਲਾ ਨੂੰ ਵੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਨੁਸਾਰ ਉਕਤ ਪੰਜਾਂ ਵਿਅਕਤੀਆਂ ਵਲੋਂ ਇਨ੍ਹਾਂ ਕੋਲੋਂ 90 ਕਾਰਤੂਸ ਖਰੀਦੇ ਗਏ ਸਨ। ਜਿਸ ਤਹਿਤ ਇਨ੍ਹਾਂ ਸਾਰੇ 7 ਦੋਸ਼ੀਆਂ ਨੂੰ ਅੱਜ ਇੱਥੋਂ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਕਤ ਸਾਰੇ ਦੋਸ਼ੀਆਂ ਨੂੰ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ‘ਤੇ ਜ਼ਿਲਾ ਜੇਲ੍ਹ ਮਾਨਸਾ ਭੇਜ ਦਿੱਤਾ ਗਿਆ। ਇਸ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਸਰਦੂਲਗੜ੍ਹ ਪੁਲਸ ਮੁਖੀ ਹਰਵਿੰਦਰ ਸਿੰਘ ਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੂੱਟ ਖੋਹ ਦੇ ਮਾਮਲੇ ‘ਚ ਇਨ੍ਹਾਂ 5 ਵਿਅਕਤੀਆਂ ਨੂੰ ਪੁਲਸ ਜਲਦ ਹੀ ਪ੍ਰੋਟੈਕਸ਼ਨ ਵਰੰਟ ਤੇ ਲੈ ਕੇ ਆਵੇਗੀ।
EDITED BY : SARA YAHA | | Last Updated :8 June 2018






















