

ਜਲੰਧਰ : ਪ੍ਰਦੂਸ਼ਣ ਦੇ ਮਾਮਲੇ ‘ਚ ਜਿਵੇਂ ਹੀ ਮੌਸਮ ਸਰਦ ਹੁੰਦਾ ਹੈ ਤਾਂ ਸਰਕਾਰਾਂ ਦੀ ਚਿੰਤਾ ਵਧਣੀ ਸ਼ੁਰੂ ਹੋ ਜਾਂਦੀ ਹੈ। ਨਵੇਂ ਸਾਹਮਣੇ ਆਏ ਏ. ਕਿਊ. ਆਈ. ਅੰਕੜਿਆਂ ਨਾਲ ਦਿੱਲੀ ਦੀ ਸਰਕਾਰ ਅਤੇ ਆਮ ਲੋਕਾਂ ਦੀ ਚਿੰਤਾ ਵਧ ਗਈ ਹੈ। ਅਜੇ ਤਾਪਮਾਨ ਡਿੱਗਣਾ ਸ਼ੁਰੂ ਹੀ ਹੋਇਆ ਹੈ ਕਿ ਦਿੱਲੀ ‘ਚ ਪ੍ਰਦੂਸ਼ਣ ਦਾ ਅੰਕੜਾ ਖਤਰੇ ਦੇ ਨਿਸ਼ਾਨ ਨੂੰ ਛੂਹਣ ਲੱਗਾ ਹੈ। ਪੰਜਾਬ ‘ਚ ਜਿਥੇ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦਾ ਸਾਰਾ ਜ਼ੋਰ ਪਰਾਲੀ ਸਾੜਨ ਤੋਂ ਰੋਕਣ ‘ਤੇ ਲੱਗਾ ਹੋਇਆ ਹੈ ਉਥੇ ਦਿੱਲੀ ਦੇ ਲੋਕਾਂ ਦਾ ਸਾਫ ਹਵਾ ‘ਚ ਸਾਹ ਲੈਣਾ ਫਿਰ ਤੋਂ ਔਖਾ ਹੋ ਗਿਆ ਹੈ।
ਪੰਜਾਬ ਤੇ ਦਿੱਲੀ ‘ਚ ਏ. ਕਿਊ. ਆਈ. ਅੰਕੜਿਆਂ ‘ਚ ਹੈ ਕਾਫੀ ਫਰਕ
ਪੰਜਾਬ ਅਤੇ ਦਿੱਲੀ ਦੇ ਏ. ਕਿਊ. ਆਈ. ਅੰਕੜਿਆਂ ‘ਚ ਕਾਫੀ ਫਰਕ ਦੇਖਿਆ ਜਾ ਰਿਹਾ ਹੈ, ਜਿਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਸਿਰਫ ਪੰਜਾਬ ਦੇ ਕਿਸਾਨਾਂ ਨੂੰ ਹਵਾ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣਾ ਠੀਕ ਹੈ।
ਤਰੀਕ 17 ਅਕਤੂਬਰ
* ਪੰਜਾਬ (ਜਲੰਧਰ, ਲੁਧਿਆਣਾ, ਅੰਮ੍ਰਿਤਸਰ)
* ਏ. ਕਿਊ. ਆਈ. (ਪੀ. ਐੱਮ. 2.5)-105, 91, 197
* ਏ. ਕਿਊ. ਆਈ. (ਪੀ. ਐੱਮ. 10)- 98, 83, 30
ਤਰੀਕ 17 ਅਕਤੂਬਰ
* ਦਿੱਲੀ (ਆਨੰਦ ਵਿਹਾਰ, ਦਵਾਰਕਾ, ਪੰਜਾਬੀ ਬਾਗ)
* ਏ. ਕਿਊ. ਆਈ. (ਪੀ. ਐੱਮ. 2.4)- 261, 251, 226
* ਏ. ਕਿਊ. ਆਈ. (ਪੀ. ਐੱਮ. 10)- 312, 334, 218
ਕੀ ਪੈਰਾਮੀਟਰ ਹਨ ਏ. ਕਿਊ. ਆਈ. ਦੇ
ਹਵਾ ਪ੍ਰਦੂਸ਼ਣ ਮਾਪਕ ਪੈਰਾਮੀਟਰ ਏ. ਕਿਊ. ਆਈ. (ਏਅਰ ਕੁਆਲਿਟੀ ਇੰਡੈਕਸ) ਬਾਰੇ ਜਾਣਕਾਰੀ ਦਿੰਦਿਆਂ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਜੇਕਰ ਏ. ਕਿਊ. ਆਈ. 0-50 ਹੈ ਤਾਂ ਇਸ ਦਾ ਮਤਲਬ ਹੈ ਕਿ ਹਵਾ ਦੀ ਗੁਣਵੱਤਾ ਵਧੀਆ ਹੈ। ਜੇਕਰ ਇਹ 51-100 ਹੈ ਤਾਂ ਮਤਲਬ ਹਵਾ ਦੀ ਗੁਣਵੱਤਾ ‘ਚ ਗੜਬੜ ਸ਼ੁਰੂ ਹੋ ਗਈ ਹੈ ਅਤੇ ਸਾਹ ਦੇ ਮਰੀਜ਼ਾਂ ਲਈ ਮੁਸ਼ਕਲ ਆਉਣੀ ਸ਼ੁਰੂ ਹੋ ਜਾਵੇਗੀ। 101-200 ਤਕ ਏ. ਕਿਊ. ਆਈ.’ਤੇ ਹਵਾ ‘ਚ ਪ੍ਰਦੂਸ਼ਣ ਦੇ ਅੰਸ਼ ਕਾਫੀ ਵਧ ਜਾਂਦੇ ਹਨ। ਇਸ ਨਾਲ ਸਾਰੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣ ਜਾਂਦਾ ਹੈ। 200-300 ਤਕ ‘ਚ ਹਵਾ ‘ਚ ਸਾਹ ਲੈਣਾ ਖਤਰਨਾਕ ਹੋ ਜਾਂਦਾ ਹੈ। 301-400 ਦਰਮਿਆਨ ਏ. ਕਿਊ. ਆਈ. ਹੋਣ ‘ਤੇ ਹਵਾ ਕਾਫੀ ਖਤਰਨਾਕ ਪੱਧਰ ‘ਤੇ ਸਾਹ ਦੇ ਰੋਗ ਪੈਦਾ ਕਰ ਸਕਦੀ ਹੈ। ਜੇਕਰ ਇਹ 401-500 ਹੋਵੇ ਤਾਂ ਮਤਲਬ ਹਵਾ ‘ਚ ਬੇਹੱਦ ਖਤਰਨਾਕ ਅੰਸ਼ ਮਿਲ ਸਕਦੇ ਹਨ।
ਪਰਾਲੀ ਸਾੜਨ ਤੋਂ ਰੋਕਣ ‘ਤੇ ਜ਼ੋਰ ਪਰ ਕੂੜਾ ਸਾੜਨ ਤੇ ਟਰੈਫਿਕ ਪ੍ਰਦੂਸ਼ਣ ਨੂੰ ਕੰਟਰੋਲ ਕਰਨ ‘ਚ ਸਰਕਾਰ ਫੇਲ : ਕਿਸਾਨ ਆਗੂ
ਓਧਰ ਕਿਸਾਨ ਆਗੂ ਸਰਕਾਰ ਤੋਂ ਬੇਹੱਦ ਨਾਰਾਜ਼ ਹਨ ਕਿ ਸਰਕਾਰ ਇਕਤਰਫਾ ਕਾਰਵਾਈ ਕਰ ਰਹੀ ਹੈ। ਪ੍ਰਦੂਸ਼ਣ ਲਈ ਜੇਕਰ ਕਿਸਾਨ ਹੀ ਜ਼ਿੰਮੇਵਾਰ ਹੁੰਦੇ ਤਾਂ ਅੱਜ ਕਿਵੇਂ ਦਿੱਲੀ ਦਾ ਪ੍ਰਦੂਸ਼ਣ ਪੱਧਰ ਵਧਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ‘ਤੇ ਡੰਡਾ ਚਲਾ ਰਹੀ ਹੈ ਪਰ ਕੂੜਾ ਸਾੜਨ ਅਤੇ ਟਰੈਫਿਕ ਪਾਲਿਊਸ਼ਨ ਦੇ ਮਾਮਲਿਆਂ ‘ਤੇ ਸ਼ਿਕੰਜਾ ਕੱਸਣ ‘ਚ ਨਾਕਾਮ ਹੋਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸ਼ਹਿਰ ‘ਚ ਚੱਲਣ ਵਾਲੇ ਆਟੋ ਅਤੇ ਬੱਸਾਂ ‘ਤੇ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦੇ ਕੇਸਾਂ ‘ਚ ਕਮੀ ਆਉਣ ਦੇ ਬਾਵਜੂਦ ਪੰਜਾਬ ‘ਚ ਪ੍ਰਦੂਸ਼ਣ ਦਾ ਜੋ ਅੰਕੜਾ ਨਜ਼ਰ ਆ ਰਿਹਾ ਹੈ ਉਸ ਦੇ ਲਈ ਅਸਲ ‘ਚ ਕੂੜਾ ਸਾੜਨ ਨਾਲ ਪੈਦਾ ਹੋਣ ਵਾਲੇ ਅਤੇ ਟਰੈਫਿਕ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਿਤ ਅੰਸ਼ ਜ਼ਿੰਮੇਵਾਰ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਫੈਕਟਰੀਆਂ ਵਲੋਂ ਪ੍ਰਦੂਸ਼ਣ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਕਿਉਂਕਿ ਉਹ ਸਰਕਾਰ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਰਮਚਾਰੀਆਂ ਦੀਆਂ ਜੇਬਾਂ ਭਰ ਦਿੰਦੇ ਹਨ। ਇਸ ਲਈ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਪੰਜਾਬ ਸਰਕਾਰ ਐੱਨ. ਜੀ. ਟੀ. ਦੀਆਂ ਅੱਖਾਂ ‘ਚ ਘੱਟਾ ਪਾਉਣ ਲਈ ਕਿਸਾਨਾਂ ‘ਤੇ ਸ਼ਿਕੰਜਾ ਕੱਸ ਰਹੀ ਹੈ।
ਝੋਨੇ ਦੀ ਫਸਲ ਦੇ ਨੁਕਸਾਨ ਨਾਲ ਘੱਟ ਹੋਈ ਪਰਾਲੀ
ਦੂਜੇ ਪਾਸੇ ਹਰ ਸ਼ਹਿਰ ‘ਚ ਕਿਸੇ ਨਾ ਕਿਸੇ ਪਿੰਡ ‘ਚ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅੰਕੜਿਆਂ ਦੀ ਮੰਨੀਏ ਤਾਂ ਹੁਣ ਤਕ ਪੀ. ਪੀ. ਸੀ. ਬੀ. ਕੋਲ ਪਰਾਲੀ ਸਾੜਨ ਦੇ 900 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਲਈ ਖੇਤੀ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਪਰਾਲੀ ਸਾੜਨ ਦੇ ਕੇਸ ਘੱਟ ਜ਼ਰੂਰ ਹੋਏ ਹਨ ਪਰ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਬੀਤੇ ਦਿਨੀਂ ਮੌਸਮ ‘ਚ ਆਈ ਖਰਾਬੀ ਕਾਰਨ ਝੋਨੇ ਦੀ ਫਸਲ ਦਾ ਕਾਫੀ ਨੁਕਸਾਨ ਹੋਇਆ, ਜਿਸ ਕਾਰਨ ਪਰਾਲੀ ਘੱਟ ਹੋਈ ਹੈ। ਪਿਛਲੇ ਸਾਲ ਵਿਭਾਗ ਕੋਲ ਪਰਾਲੀ ਸਾੜਨ ਦੇ 2200 ਕੇਸ ਦਰਜ ਹੋਏ ਸਨ। ਹੁਣ ਤਕ ਸਰਕਾਰ ਵਲੋਂ ਪਰਾਲੀ ਸਾੜਨ ਵਾਲੇ 340 ਕਿਸਾਨਾਂ ਕੋਲੋਂ 10 ਲੱਖ ਦੇ ਕਰੀਬ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ।
EDITED BY : SARA YAHA | | Last Updated : 7:46 pm 19 October 2018























