*ਮਾਨਸਾ ਸ਼ਹਿਰ ’ਚ ਰਹੇਗੀ ਪੁਰਾਣੀ ਵਾਰਡ ਬੰਦੀ-ਡਾ. ਵਿਜੈ ਸਿੰਗਲਾ*

0
72

ਮਾਨਸਾ, 2 ਜਨਵਰੀ  (ਸਾਰਾ ਯਹਾਂ/ਮੁੱਖ ਸੰਪਾਦਕ) : ਸ਼ਹਿਰ ਦੀ ਨਵੀਂ ਵਾਰਡਬੰਦੀ ਦੀ ਯੋਜਨਾ ਨੂੰ ਰੱਦ ਕਰਦਿਆਂ ਪੁਰਾਣੀ ਵਾਰਡਬੰਦੀ ਹੀ ਰੱਖੀ ਗਈ ਹੈ। ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ, ਨਗਰ ਕੌਸਲ ਦੇ ਪ੍ਰਧਾਨ ਸੁਨੀਲ ਕੁਮਾਰ, ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਨੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਕੋਲ ਨਵੀਂ ਵਾਰਡਬੰਦੀ ’ਤੇ ਉਠੇ ਇਤਰਾਜ਼ਾਂ ਅਤੇ ਨਵੀਂ ਵਾਰਡਬੰਦੀ ਨਾਲ ਲੋਕਾਂ ਨੂੰ ਸਮੱਸਿਆਵਾਂ ਆਉਣ ਤੋਂ ਜਾਣੂ ਕਰਵਾਇਆ। ਮੰਤਰੀ ਡਾ. ਰਵਜੋਤ ਸਿੰਘ ਨੇ ਮਾਨਸਾ ਸ਼ਹਿਰ ਦੀ ਪੁਰਾਣੀ ਵਾਰਡਬੰਦੀ ਹੀ ਰੱਖਣ ਦੀ ਗੱਲ ਕਹੀ ਹੈ। ਨਵੀਂ ਵਾਰਡਬੰਦੀ ਦੀ ਯੋਜਨਾ ਮੁੱਢੋਂ ਰੱਦ ਕਰ ਦਿੱਤੀ ਗਈ ਹੈ। ਨਗਰ ਕੌਸਲ ਮਾਨਸਾ ਦੀਆਂ ਆ ਰਹੀਆਂ ਚੋਣਾਂ ਪੁਰਾਣੀ ਵਾਰਡਬੰਦੀ ਅਨੁਸਾਰ ਹੀ ਹੋਣਗੀਆਂ।
ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਨਵੀਂ ਵਾਰਡਬੰਦੀ ਦੀ ਬਣਾਈ ਗਈ ਯੋਜਨਾ ਵਿੱਚ ਉਨ੍ਹਾਂ ਦਾ ਕੋਈ ਰਾਇ ਮਸ਼ਵਰਾ ਨਹੀਂ ਸੀ। ਇਹ ਯੋਜਨਾ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਉਹ ਵੀ ਚਾਹੁੰਦੇ ਸਨ ਕਿ ਪੁਰਾਣੀ ਵਾਰਡਬੰਦੀ ਲਈ ਰੱਖੀ ਜਾਵੇ ਅਤੇ ਜੇਕਰ ਨਵੀਂ ਵਾਰਡਬੰਦੀ ਲਾਗੂ ਹੋ ਜਾਂਦੀ ਹੈ ਤਾਂ ਸ਼ਹਿਰੀਆਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਉਨ੍ਹਾਂ ਅੱਜ ਪੰਜਾਬ ਸਰਕਾਰ ਵੱਲੋਂ ਮਾਨਸਾ ਅੰਦਰ ਪੁਰਾਣੀ ਵਾਰਡਬੰਦੀ ਰੱਖਣ ਦਾ ਐਲਾਨ ਕਰਨ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਨਵੀਂ ਵਾਰਡਬੰਦੀ ਮਾਨਸਾ ਸ਼ਹਿਰ ’ਤੇ ਲਾਗੂ ਨਹੀਂ ਹੋਵੇਗੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਪੰਜਾਬ ਸਰਕਾਰ ਨੇ ਪੁਰਾਣੀ ਵਾਰਡਬੰਦੀ ਰੱਖਣ ਦੀ ਗੱਲ ਸਵੀਕਾਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪਹਿਲਾਂ ਦੀ ਤਰ੍ਹਾਂ ਹੀ ਵਾਰਡ, ਪਹਿਲਾਂ ਵਾਲੇ ਵਾਰਡ ਨੰਬਰ ਅਤੇ ਪਹਿਲਾਂ ਵਾਲਾ ਉਨ੍ਹਾਂ ਦਾ ਖੇਤਰ ਰਹੇਗਾ। ਕਿਸੇ ਵੀ ਵਾਰਡ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਵਾਰਡ ਦਾ ਰਾਖਵਾਂਕਰਨ ਪੰਜਾਬ ਸਰਕਾਰ ਆਉਂਦੇ ਸਮੇਂ ਵਿੱਚ ਲਵੇਗੀ ਕਿ ਕਿਹੜੇ ਵਾਰਡ ਨੂੰ ਕਿਹੜੀ ਕੈਟਾਗਿਰੀ ਵਾਸਤੇ ਰਾਖਵਾਂ,ਜਨਰਲ ਰੱਖਣਾ ਹੈ।ਉਨ੍ਹਾਂ ਸ਼ਹਿਰੀਆਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਅੰਦਰ ਪੁਰਾਣੀ ਵਾਰਡਬੰਦੀ ਹੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਦੇ ਬਹਿਕਾਵੇ ਜਾਂ ਅਫ਼ਵਾਹਾਂ ਵਿੱਚ ਲੋਕ ਨਾ ਆਉਣ।
ਉਧਰ ਸ਼ਹਿਰ ਦੀ 21 ਮੈਂਬਰੀ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਦੇ ਪੁਰਾਣੀ ਵਾਰਡਬੰਦੀ ਰੱਖਣ ਦੇ ਫੈਸਲੇ ਨੂੰ ਲੋਕ ਰੋਹ ਦਾ ਨਤੀਜਾ ਦੱਸਿਆ ਹੈ। ਕਮੇਟੀ ਆਗੂ ਰੁਲਦੂ ਸਿੰਘ ਮਾਨਸਾ,ਮੁਨੀਸ਼ ਬੱਬੀ ਦਾਨੇਵਾਲੀਆ, ਗੁਰਲਾਭ ਸਿੰਘ ਮਾਹਲ, ਕੌਂਸਲਰ ਪ੍ਰੇਮ ਸਾਗਰ ਭੋਲਾ, ਕ੍ਰਿਸ਼ਨ ਚੌਹਾਨ, ਸਾਬਕਾ ਕੌਸਲਰ ਸ਼ਿਵਚਰਨ ਸੂਚਨ,,ਸਮੀਰ ਛਾਬੜਾ, ਮਨਿਕ ਗੋਇਲ, ਬਲਜੀਤ ਸ਼ਰਮਾ, ਧੰਨਾ ਮੱਲ ਗੋਇਲ, ਮਨਜੀਤ ਸਦਿਓੜਾ, ਚਮਕੌਰ ਸਿੰਘ ਮੂਸੇਵਾਲਾ ਆਦਿ ਨੇ ਕਿਹਾ ਕਿ ਨਵੀਂ ਵਾਰਡਬੰਦੀ ਦੀ ਯੋਜਨਾ ਵਿਰੁੱਧ ਜੇਕਰ ਲੋਕ ਰੋਹ ਨਾ ਉਠਦਾ ਤਾਂ ਸ਼ਇਦ ਨਵੀਂ ਵਾਰਡਬੰਦੀ ਲਾਗੂ ਹੋ ਜਾਣੀ ਸੀ। ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਸ਼ਹਿਰ ਦੀਆਂ ਮੂਲ ਸਮੱਸਿਆਵਾਂ ਸੀਵਰੇਜ਼, ਪੀਣ ਵਾਲੇ ਪਾਣੀ,ਸਿਹਤ ਸੇਵਾਵਾਂ ਆਦਿ ਵੱਲ ਧਿਆਨ ਦੇਵੇ ਅਤੇ ਮਾਨਸਾ ਨੂੰ ਇਨ੍ਹਾਂ ਸਮੱਸਿਆਵਾਂ ਤੋਂ ਬਾਹਰ ਕੱਢੇ।

LEAVE A REPLY

Please enter your comment!
Please enter your name here