ਮਾਨਸਾ ਯੂਥ ਕਲੱਬ ਪਰਾਲੀ ਨੂੰ ਬਿਨਾਂ ਸਾੜੇ ਇਸ ਦੀ ਸੰਭਾਲ ਲਈ ਕਿਸਾਨਾਂ ਦੀ ਕਰ ਰਿਹੈ ਮਦਦ

0
15

ਮਾਨਸਾ, 21 ਅਕਤੂਬਰ(ਸਾਰਾ ਯਹਾ,ਬਲਜੀਤ ਸ਼ਰਮਾ): ਮੇਰਾ ਪਿੰਡ, ਮੇਰਾ ਮਾਣ ਅਧੀਨ ਚੱਲ ਰਹੇ ਯੂਥ ਕਲੱਬ ਮੁਕਾਬਲਿਆਂ ਵਿਚ ਕਰਵਾਈਆਂ ਜਾ ਰਹੀਆਂ ਸਰਗਰਮੀਆਂ ਝੋਨੇ ਦੇ ਕਾਸ਼ਤਕਾਰਾਂ ਲਈ ਵਰਦਾਨ ਸਿੱਧ ਹੋ ਰਹੀਆਂ ਹਨ ਜਿਸ ਤਹਿਤ ਝੋਨੇ ਦੀ ਪਰਾਲੀ ਨੂੰ ਕਲੱਬ ਦੇ ਮੈਂਬਰਾਂ ਵੱਲੋਂ ਸਵੈ-ਇੱਛਾ ਨਾਲ ਸਾੜੇ ਬਿਨਾਂ ਪ੍ਰਬੰਧਨ ਕੀਤਾ ਜਾ ਰਿਹਾ ਹੈ।
    ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਯੁਵਕ ਕਲੱਬ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਅਤੇ ਇਸ ਨਾਲ ਵਾਤਾਵਰਣ ਦੀ ਬੱਚਤ ਕਰਨ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੁਵਕ ਕਲੱਬ ਸਮਾਜ ਲਈ ਮਸ਼ਾਲ ਹਨ ਅਤੇ ਮਾਨਸਾ ਵਿਚੇ ਚੱਲ ਰਹੇ ਮੇਰਾ ਪਿੰਡ, ਮੇਰਾ ਮਾਣ ਮੁਕਾਬਲੇ ਨੇ ਇਨ੍ਹਾਂ ਕਲੱਬਾਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ।
    ਗਰੇਟ ਥਿੰਕਰਜ਼ ਕਲੱਬ ਬੁਰਜ ਢਿੱਲਵਾਂ ਨੇ ਹੁਣ ਤੱਕ 145 ਏਕੜ ਰਕਬੇ ਵਿਚ ਝੋਨੇ ਦੀ ਪਰਾਲੀ ਸਾੜਨ ਤੋਂ ਰੋਕਿਆ ਹੈ। ਕਲੱਬ ਪ੍ਰਧਾਨ ਸ੍ਰੀ ਪਰਵਿੰਦਰ ਸਿੰਘ ਕੋਲ ਬੇਲਰ ਮਸ਼ੀਨ ਹੈ, ਜੋ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਲਈ ਕਾਸ਼ਤਕਾਰਾਂ ਨੂੰ ਦਿੱਤੀ ਜਾ ਰਹੀ ਹੈ। ਅਹੁਦੇਦਾਰ ਸ੍ਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਯੁਵਕ ਕਲੱਬ ਦੇ ਵਲੰਟੀਅਰ ਕਿਸਾਨਾਂ ਨੂੰ ਇਹ ਗੱਠਾਂ ਬਣਾਉਣ ਅਤੇ ਲੋਡ ਕਰਵਾਉਣ ਵਿਚ ਸਹਾਇਤਾ ਕਰਦੇ ਹਨ। ਯੁਵਕ ਕਲੱਬ ਨੇ ਪਿੰਡ ਬੁਰਜ ਢਿੱਲਵਾਂ ਦੇ ਬਲਰਾਜ ਸਿੰਘ, ਗੁਰਤੇਜ ਸਿੰੰਘ, ਭੋਲਾ ਸਿੰਘ, ਗੁਰਤੇਜ ਸਿੰਘ, ਉਗਰ ਸਿੰਘ ਅਤੇ ਮਿੱਠੂ ਸਿੰਘ, ਪਰਵਿੰਦਰ ਸਿੰਘ ਅਤੇ ਬੂਟਾ ਸਿੰਘ ਦੇ ਖੇਤਾਂ ਅਤੇ ਪਿੰਡ ਬੁਰਜ ਰਾਠੀ ਦੇ ਭਗਵੰਤ ਸਿੰਘ ਅਤੇ ਦਰਸ਼ਨ ਸਿੰਘ ਦੇ ਖੇਤਾਂ ਵਿਚ ਪਰਾਲੀ ਦਾ ਪ੍ਰਬੰਧਨ ਕੀਤਾ ਹੈ।
    ਇਸ ਤੋਂ ਇਲਾਵਾ ਯੁਵਕ ਕਲੱਬ ਸਕੂਲੀ ਬੱਚਿਆਂ ਨਾਲ ਜਾਗਰੂਕਤਾ ਰੈਲੀਆਂ ਵੀ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਲਈ ਉਤਸ਼ਾਹਿਤ ਕਰ ਰਹੇ ਹਨ। ਇਸੇ ਤਰਾਂ ਉਮੀਦ ਸ਼ੋਸ਼ਲ ਵੈਲਫੇਅਰ ਸੁਸਾਇਟੀ  ਕਲੱਬ ਬੋੜਾਵਾਲ ਨੇ ਇਸ ਮੁੱਦੇ ਤੇ ਜਾਗਰੂਕਤਾ ਪੈਦਾ ਕਰਨ ਲਈ ਰੈਲੀ ਕੀਤੀ। ਕਲੱਬ ਨੇ ਕਿਸਾਨ ਲੀਲਾ ਸਿੰਘ ਨੂੰ ਆਪਣੀ 3 ਏਕੜ ਜ਼ਮੀਨ ਵਿਚ ਪਰਾਲੀ ਦਾ ਪ੍ਰਬੰਧਨ, ਹੱਥ ਨਾਲ ਫਸਲ ਦੀ ਬਿਜਾਈ ਕਰਕੇ  ਅਤੇ ਪਰਾਲੀ ਨੂੰ 70 ਰੁਪਏ ਪ੍ਰਤੀ ਕੁਇੰਟਲ ਵੇਚਣ ਵਿਚ ਵੀ ਮਦਦ ਕੀਤੀ। ਕਿਸਾਨਾਂ ਨੂੰ ਕਣਕ ਦੇ ਬੀਜ ਦੀ ਸਿੱਧੀ ਬਿਜਾਈ ਲਈ ਹੈਪੀ ਸੀਡਰ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ। ਆਜ਼ਾਦ ਸੋਚ ਵੈਲਫੇਅਰ ਸੁਸਾਇਟੀ ਬੁਰਜ ਰਾਠੀ ਮੈਂਬਰ ਭਗਵੰਤ ਸਿੰਘ ਨੇ ਆਪਣੀ 8 ਏਕੜ ਜ਼ਮੀਨ ਵਿਚ ਪਰਾਲੀ ਸਾੜਨ ਤੋਂ ਬਿਨਾਂ ਪਰਾਲੀ ਦਾ ਪ੍ਰਬੰਧਨ ਕੀਤਾ।
    ਇਸ ਦੌਰਾਨ ਨੌਜਵਾਨ ਵੈਲਫੇਅਰ ਕਲੱਬ ਵੱਲੋਂ ਖੋਖਰ ਗਊਸ਼ਾਲਾ ਵਿਖੇ ਗੁਰੂ ਨਾਨਕ ਜੰਗਲ ਦੀ ਦੇਖਰੇਖ ਕੀਤੀ ਗਈ ਅਤੇ ਪਸ਼ੂਆਂ ਨੂੰ ਚਾਰਾ ਵੀ ਖੁਆਇਆ ਗਿਆ। ਗਰੇਟ ਥਿੰਕਰਜ਼ ਕਲੱਬ ਬੁਰਜ ਢਿੱਲਵਾਂ ਨੇ ਚੰਗੇ ਸਿਹਤ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਸਵੇਰ ਦੀ ਸੈਰ ਕੀਤੀ ਅਤੇ ਧੁੰਦ ਦੇ ਸਮੇਂ ਉਨ੍ਹਾਂ ਨੂੰ ਦਿਖਾਈ ਦੇਣ ਲਈ ਸੜਕ ਦੇ ਕਿਨਾਰੇ ਬਿਜਲੀ ਦੇ ਖੰਭਿਆਂ ਤੇ ਰਿਫਲੈਕਟਰ ਲਗਾਏ।
    ਇਸੇ ਤਰਾਂ ਚੰਗੇ ਕੰਮਾਂ ਨੂੰ ਜਾਰੀ ਰੱਖਦਿਆਂ ਲੋਕ ਭਲਾਈ ਕਲੱਬ ਦੇ ਪਿੰਡ ਖੀਵਾ ਮੀਆਂ ਸਿੰਘ ਵਾਲਾ ਦੁਆਰਾ ਮੁੱਖ ਅਧਿਆਪਕ ਸ੍ਰੀ ਅਮਨਦੀਪ ਸਿੰਘ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਸਕੂਲ ਵਿਖੇ ਇਕ ਸਮਾਰਟ ਕਲਾਸ ਰੂਮ ਬਣਾਇਆ ਹੈ। ਕਲੱਬ ਨੇ ਸਰਕਾਰੀ ਸਕੂਲ ਦੇ ਵਿਹੜੇ ਦੀ ਸਫਾਈ ਵੀ ਕੀਤੀ। ਸ਼ਹੀਦ ਊਧਮ ਸਿੰਘ ਲੋਕ ਭਲਾਈ ਕਲੱਬ ਦੁਆਰਾ ਸਰਕਾਰੀ ਮਿਡਲ ਸਕੂਲ ਲਖਮੀਰ ਸਿੰਘ ਵਾਲਾ ਦੇ ਦਰਖ਼ਤਾਂ ਦੇ ਤਣੇ ਧੋਤੇ। ਬੁਰਜ ਢਿੱਲਵਾਂ ਵਿਖੇ ਭਾਈ ਘਨ੍ਹੱਈਆ ਕਲੱਬ ਨੇ ਸਰਕਾਰੀ ਸਕੂਲ ਦੇ ਵਿਹੜੇ ਦੀ ਸਫਾਈ ਕਰਦਿਆਂ ਪਿੰਡ ਦੇ ਪਾਰਕ ਦੇ ਰਸਤੇ ਵਿਚ ਲੱਗੀਆਂ ਇੱਟਾਂ ਤੇ ਰੰਗ ਕੀਤਾ। ਪਿੰਡ ਦੇ ਸਰਪੰਚ ਨੇ ਵੀ ਇਸ ਕੰਮ ਵਿਚ ਕਲੱਬ ਦੀ ਮਦਦ ਕੀਤੀ।
    ਆਜ਼ਾਦ ਸੋਚ ਵੈਲਫੇਅਰ ਕਲੱਬ ਨੇ ਵਾਲੀਬਾਲ ਦੇ ਮੈਦਾਨਾਂ ਦੀ ਸਫਾਈ ਕੀਤੀ। ਪਿੰਡ ਬੋੜਾਵਾਲ ਵਿਖੇ ਉਮੀਦ ਸ਼ੋਸ਼ਲ ਅਤੇ ਵੈਲਫੇਅਰ ਕਲੱਬ ਨੇ ਪਖਾਨੇ ਸਾਫ ਕੀਤੇ ਅਤੇ ਪਾਰਕ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸ਼ਹੀਦ ਨਛੱਤਰ ਸਿੰਘ ਯੁਵਕ ਭਲਾਈ ਕਲੱਬ ਗਹਿਲੇ ਨੇ ਨੌਜਵਾਨਾਂ ਨੂੰ ਵਾਲੀਬਾਲ ਜਾਲ ਲਗਾ ਕੇ ਪ੍ਰੇਰਿਤ ਕੀਤਾ। ਬੱਬਬ ਚੇਤਨ ਰਾਮ ਸਪੋਰਟਸ ਅਤੇ ਯੁਵਕ ਸੇਵਾਵਾਂ ਕਲੱਬ ਡੱਲੇਵਾਲਾ ਨੇ ਸੱਤਵਾਂ ਅੱਖਾਂ ਦਾ ਚੈਕਅੱਪ ਅਤੇ ਆਪ੍ਰੇਸ਼ਨ ਕੈਂਪ ਲਗਾਇਆ, ਜਿਸ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਉਮੀਦ ਕਲੱਬ ਪਿੰਡ ਰੱਲੀ ਦੁਆਰਾ ਖੂਨਦਾਨ ਕੈਂਪ ਲਗਾਇਆ ਗਿਆ।

LEAVE A REPLY

Please enter your comment!
Please enter your name here